ਕੋਟਕਪੂਰਾ, 11 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨ ਕਲੱਬ, ਕੋਟਕਪੂਰਾ ਵੱਲੋਂ ਵਿਸ਼ਾਲ ਮੁਫਤ ਅੱਖਾਂ ਦੇ ਅਪ੍ਰੇਸ਼ਨ ਦਾ 47ਵਾਂ ਕੈਂਪ 13 ਸਤੰਬਰ ਦਿਨ ਸ਼ਨੀਵਾਰ ਨੂੰ ਬਰਾੜ ਅੱਖਾਂ ਦਾ ਹਸਪਤਾਲ ਫਰੀਦਕੋਟ ਰੋਡ, ਕੋਟਕਪੂਰਾ ਵਿਖੇ ਲਾਇਆ ਜਾ ਰਿਹਾ ਹੈ। ਕਲੱਬ ਦੇ ਡਾਇਰੈਕਟਰ ਇੰਜੀ. ਰਾਜ ਕੁਮਾਰ ਅਗਰਵਾਲ ਅਤੇ ਮਾਲਵੇ ਦੇ ਪ੍ਰਸਿੱਧ ਅੱਖਾਂ ਦੇ ਮਾਹਿਰ ਡਾਕਟਰ ਪੀ.ਐੱਸ. ਬਰਾੜ (ਬਰਾੜ ਅੱਖਾਂ ਦਾ ਹਸਪਤਾਲ) ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਲੋੜਵੰਦ ਮਰੀਜਾਂ ਦਾ ਅੱਖਾਂ ਦਾ ਚੈਕਅੱਪ ਅਤੇ ਅਪ੍ਰੇਸ਼ਨ ਬਿਲਕੁਲ ਮੁਫਤ ਕੀਤਾ ਜਾਵੇਗਾ, ਦਵਾਈਆਂ ਅਤੇ ਐਨਕਾਂ ਵੀ ਮੁਫਤ ਦਿੱਤੀਆਂ ਜਾਣਗਿਆਂ। ਉਹਨਾਂ ਕਿਹਾ ਕਿ ਮਰੀਜਾਂ ਦੀਆਂ ਅੱਖਾਂ 13 ਸਤੰਬਰ ਨੂੰ ਸਵੇਰੇ 9:00 ਵਜੇ ਤੋਂ 1:00 ਵਜੇ ਤੱਕ ਹੀ ਚੈੱਕ ਕੀਤੀਆਂ ਜਾਣਗੀਆਂ ਅਤੇ ਮਰੀਜਾਂ ਨੂੰ ਕੇਸੀ ਇਸ਼ਨਾਨ ਕਰਕੇ ਆਉਣਾ ਜਰੂਰੀ ਹੈ। ਪੰਜਾਬ ਦੇ ਮੰਨੇ ਪ੍ਰਮੰਨੇ ਬੱਚਿਆਂ ਦੇ ਮਾਹਿਰ ਡਾ. ਰਵੀ ਬਾਂਸਲ ਨੇ ਕਿਹਾ ਕਿ ਜਿਹੜੇ ਚਿੱਟੇ ਮੋਤੀਏ ਦੇ ਮਰੀਜ਼ਾਂ ਨੂੰ ਸ਼ੂਗਰ ਦੀ ਬਿਮਾਰੀ ਹੈ, ਉਹ ਆਪਣੇ ਖੂਨ ਦੀ ਸ਼ੂਗਰ ਕਾਬੂ ਕਰਕੇ ਹੀ ਆਉਣ ਤਾਂ ਜੋ ਅਪ੍ਰੇਸ਼ਨ ਮੁਲਤਵੀ ਨਾ ਕਰਨਾ ਪਵੇ ਅਤੇ ਨਾਲ ਹੀ ਕਿਹਾ ਕਿ ਰੋਟੀ ਖਾਣ ਤੋਂ ਬਾਅਦ ਵਾਲੀ ਸ਼ੂਗਰ 200 ਤੋਂ ਘੱਟ ਹੋਣੀ ਚਾਹੀਦੀ ਹੈ। ਪ੍ਰੋਜੈਕਟ ਚੇਅਰਮੈਨ ਆਰ.ਐੱਸ. ਰਾਣਾ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਮਰੀਜ ਆਪਣੇ ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਫੋਟੋ ਕਾਪੀ ਨਾਲ ਜ਼ਰੂਰ ਲੈ ਕੇ ਆਉਣ।