ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਨੇ ਪੰਜਾਬ ਸਰਕਾਰ ਤੋਂ ਕੀਤੀ ਮੰਗ
ਕੋਟਕਪੂਰਾ, 5 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿੱਤ ਵਿਭਾਗ ਪੰਜਾਬ ਸਰਕਾਰ ਨੇ ਮਿਤੀ 31 ਅਕਤੂਬਰ 2025 ਨੂੰ ਹਦਾਇਤਾਂ ਜਾਰੀ ਕਰਕੇ ਪੰਜਾਬ ਦੇ ਲੱਖਾਂ ਪੈਨਸ਼ਨਰਾਂ ਨੂੰ ਹਰ ਸਾਲ ਨਵੰਬਰ ਮਹੀਨੇ ਦੌਰਾਨ ਆਪਣੇ ਬੈਂਕਾਂ ਨੂੰ ਦਿੱਤਾ ਜਾਣ ਵਾਲਾ ਲਾਈਫ ਸਰਟੀਫਿਕੇਟ ਇਸ ਵਾਰ ਜੀਵਨ ਪ੍ਰਮਾਣ ਐਪ ਰਾਹੀਂ ਆਨਲਾਈਨ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧ ਵਿੱਚ ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਦੇ ਸੂਬਾਈ ਚੇਅਰਮੈਨ ਗੁਰਦੀਪ ਸਿੰਘ ਮੋਤੀ, ਵਰਕਿੰਗ ਚੇਅਰਮੈਨ ਅਵਤਾਰ ਸਿੰਘ ਗਗੜਾ, ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ, ਜਨਰਲ ਸਕੱਤਰ ਪ੍ਰੇਮ ਚਾਵਲਾ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਭੁੰਗਰਨੀ ਤੇ ਗੁਰਜੀਤ ਸਿੰਘ ਘੋੜੇਵਾਹ, ਮੁੱਖ ਜਥੇਬੰਦਕ ਸਕੱਤਰ ਅਵਤਾਰ ਸਿੰਘ ਤਾਰੀ ਅਤੇ ਪ੍ਰੈਸ ਸਕੱਤਰ ਕੁਲਵੰਤ ਸਿੰਘ ਚਾਨੀ ਦੇ ਧਿਆਨ ਵਿੱਚ ਆਇਆ ਹੈ ਕਿ ਵਿੱਤ ਵਿਭਾਗ ਪੰਜਾਬ ਸਰਕਾਰ ਦੀਆਂ ਇਹ ਹਦਾਇਤਾਂ ਜਾਰੀ ਹੋਣ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਸੀਨੀਅਰ ਸਿਟੀਜ਼ਨਜ਼ ਕਤਾਰਾਂ ਵਿੱਚ ਲੱਗਕੇ ਲਗਾਤਾਰ ਖੱਜਲ ਖੁਆਰ ਹੋ ਰਹੇ ਹਨ। ਇਸ ਤੋਂ ਇਲਾਵਾ ਜੀਵਨ ਪ੍ਰਮਾਣ ਐਪ ਲਗਾਤਾਰ ਬਿਜੀ ਚੱਲ ਰਹੀ ਹੋਣ ਕਰਕੇ ਵਾਰ-ਵਾਰ ਪੈਨਸ਼ਨਰਾਂ ਨੂੰ ਬੈਂਕਾਂ ਵਿੱਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਕਈ ਬਜ਼ੁਰਗਾਂ ਦੀ ਆਪਣੀਆਂ ਸਿਹਤ ਦੀਆਂ ਮਾੜੀਆਂ ਹਾਲਤਾਂ ਹੋਣ ਕਰਕੇ ਘਰ ਤੋਂ ਬਾਹਰ ਜਾਣ ਦੀ ਸਿਹਤ ਵੀ ਆਗਿਆ ਨਹੀਂ ਦਿੰਦੀ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੀਨੀਅਰ ਸਿਟੀਜ਼ਨ ਪੈਨਸ਼ਨਰਾਂ ਦੀ ਇਸ ਮੁਸ਼ਕਿਲ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਦੀ ਤਰ੍ਹਾਂ ਹੀ ਲਾਈਫ ਸਰਟੀਫਿਕੇਟ ਲੈਣ ਸਬੰਧੀ ਤੁਰਤ ਸਾਰੇ ਬੈਂਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜ਼ੋ ਬਜ਼ੁਰਗ ਪੈਨਸ਼ਨਰਾਂ ਦੀ ਖੱਜਲ ਖੁਆਰੀ ਬੰਦ ਹੋ ਸਕੇ।
