ਫ਼ਰੀਦਕੋਟ 2 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਵਿਸ਼ੇਸ਼ ਮੀਟਿੰਗ ਸਥਾਨਕ ਜੈਸਮੀਨ ਹੋਟਲ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਟਰੱਸਟ ਦੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਨੇ ਕੀਤੀ। ਮੀਟਿੰਗ ਵਿੱਚ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਮੁਕਤਸਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਟਰੱਸਟ ਦੀ ਚੀਫ਼ ਪੈਟਰਨ ਮੈਡਮ ਹੀਰਾਵਤੀ, ਚੇਅਰਮੈਨ ਪ੍ਰਿੰ. ਕ੍ਰਿਸ਼ਨ ਲਾਲ, ਜਨਰਲ ਸਕੱਤਰ ਮਲਕੀਤ ਸਿੰਘ ਮੰਮਨ, ਸੀਨੀਅਰ ਮੈਂਬਰ ਸ੍ਰੀ ਕ੍ਰਿਸ਼ਨ, ਉੱਘੇ ਲਿਖਾਰੀ ਤੇ ਚਿੰਤਕ ਸ਼ਿਵਨਾਥ ਦਰਦੀ, ਸਾਬਕਾ ਸਕਿਊਰਟੀ ਸੁਪਰਵਾਈਜਰ ਸਰਬਰਿੰਦਰ ਸਿੰਘ ਬੇਦੀ, ਕਾਮਰੇਡ ਵੀਰ ਸਿੰਘ ਕੰਮੇਆਣਾ ਅਤੇ ਕਾਮਰੇਡ ਸ਼ਬਲਕਾਰ ਸਿੰਘ ਸਹੋਤਾ ਆਦਿ ਨੇ ਭਾਗ ਲਿਆ। ਮੀਟਿੰਗ ਦੌਰਾਨ ਨਗਰ ਕੌਂਸਲ ਪ੍ਰਧਾਨ ਨਰਿੰਦਰ ਪਾਲ ਸਿੰਘ ਨਿੰਦਾ ਵੱਲੋਂ ਟਰੱਸਟ ਵੱਲੋਂ ਪੁਰਾਣੇ ਨਾਲੇ ਕੋਲ ਬਣਦੇ ਚੌਰਸਤੇ ਦਾ ਨਾਮ ਡਾ. ਅੰਬੇਡਕਰ ਚੌਂਕ ਰੱਖੇ ਜਾਣ ਦੀ ਮੰਗ ਨੂੰ ਸਿਧਾਂਤਕ ਤੌਰ ’ਤੇ ਮੰਨੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ। ਜਿਕਰਯੋਗ ਹੈ ਕਿ ਲਾਰਡ ਬੁੱਧਾ ਟਰੱਸਟ ਵੱਲੋਂ ਹੀ ਉਕਤ ਮਾਮਲਾ ਉਠਾਇਆ ਗਿਆ ਹੈ। ਮੀਟਿੰਗ ਦੌਰਾਨ ਸ੍ਰੀ ਢੋਸੀਵਾਲ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਉਕਤ ਚੌਰਸਤੇ ਦਾ ਨਾਮ ਡਾ. ਅੰਬੇਡਕਰ ਚੌਂਕ ਰੱਖੇ ਜਾਣਾ ਸਮੁੱਚੇ ਸ਼ਹਿਰ ਵਾਸੀਆਂ ਨੂੰ ਵੱਡਮੁੱਲੀ ਦੇਣ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਸਰਕਾਰੀ ਅਦਾਰੇ ਅੰਦਰ ਡਾ. ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲਗਾਉਣਾ ਬੇਹੱਦ ਸ਼ਲਾਘਾਯੋਗ ਕਦਮ ਹੈ। ਇਸੇ ਸ਼ਲਾਘਾਯੋਗ ਕਦਮ ਨੂੰ ਅੱਗੇ ਤੋਰਦੇ ਹੋਏ ਹੀ ਉਕਤ ਚੌਂਕ ਦਾ ਨਾਮ ਅੰਬੇਡਕਰ ਚੌਂਕ ਰੱਖੇ ਜਾਣਾ ਹੋਰ ਵੀ ਵਧੀਆ ਕਦਮ ਹੈ। ਮੀਟਿੰਗ ਦੌਰਾਨ ਜਿਲ੍ਹਾ ਪ੍ਰਧਾਨ ਸ੍ਰੀ ਭਾਰਤੀ ਨੇ ਕਿਹਾ ਕਿ ਡਾ. ਅੰਬੇਡਕਰ ਦੀ ਸਮੁੱਚੇ ਸਮਾਜ ਪ੍ਰਤੀ ਦੇਣ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ।
ਉਕਤ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੀ ਜਿਲ੍ਹਾ ਇਕਾਈ ਦੇ ਵਫ਼ਦ ਵੱਲੋਂ 03 ਸਤੰਬਰ ਸ਼ੁੱਕਰਵਾਰ ਨੂੰ ਸਵੇਰੇ 11:00 ਵਜੇ ਜਿਲ੍ਹੇ ਦੇ ਏ.ਡੀ.ਸੀ. (ਜਨਰਲ) ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਡਾ: ਅੰਬੇਡਕਰ ਚੌਂਕ ਨੂੰ ਅਮਲੀ ਪ੍ਰਵਾਨਗੀ ਦੇਣ ਲਈ ਮੰਗ ਪੱਤਰ ਦਿੱਤਾ ਜਾਵੇਗਾ। ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਨੇ ਟਰੱਸਟ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ ਅਤੇ ਹੋਰ ਸੂਝਵਾਨ ਵਿਅਕਤੀਆਂ ਨੂੰ ਵਫ਼ਦ ਵਿੱਚ ਸ਼ਾਮਲ ਹੋਣ ਵਾਸਤੇ ਸਮੇਂ ਸਿਰ ਸਥਾਨਕ ਡੀ.ਸੀ. ਦਫਤਰ ਪਹੁੰਚਣ ਦੀ ਅਪੀਲ ਕੀਤੀ ਹੈ।