1 ਮਹਿਲਾ ਸਮੇਤ 6 ਦੋਸ਼ੀਆਂ ਪਾਸੋ ਤੇਜ਼ਧਾਰ ਹਥਿਆਰ ਵੀ ਬਰਾਮਦ : ਐਸਐਸਪੀ
ਕੋਟਕਪੂਰਾ, 22 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਸੰਜੀਵ ਕੁਮਾਰ ਡੀ.ਐਸ.ਪੀ. (ਸ.ਡ) ਕੋਟਕਪੂਰਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦਿਆਂ ਥਾਣਾ ਸਿਟੀ ਕੋਟਕਪੂਰਾ ਵੱਲੋਂ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਗਿਰੋਹ ਵਿੱਚ ਸ਼ਾਮਿਲ 1 ਮਹਿਲਾ ਸਮੇਤ 6 ਦੋਸ਼ੀਆਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋ ਪਹਿਲਾ ਹੀ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਸੁਖਨਾਮ ਸਿੰਘ ਉਰਫ ਸੁੱਖਾ (ਵਾਸੀ ਚੋਪੜਿਆ ਵਾਲਾ ਬਾਗ, ਗਲੀ ਨੰਬਰ 7 ਕੋਟਕਪੂਰਾ), ਰਾਜ ਕਰਨ ਓੁਰਫ ਗੋਰੀ (ਵਾਸੀ ਚੋਪੜਿਆ ਵਾਲਾ ਬਾਗ ਗਲੀ ਨੰਬਰ 13 ਕੋਟਕਪੂਰਾ), ਹਰਦੇਵ ਸਿੰਘ ਉਰਫ ਦੇਵ (ਵਾਸੀ ਜੈਤੋ ਚੁੰਗੀ ਨੇੜੇ ਨਰੂਲਾ ਜਿੰਮ ਕੋਟਕਪੂਰਾ), ਗੁਰਪ੍ਰੀਤ ਕੌਰ (ਵਾਸੀ ਜੈਤੋ ਚੁੰਗੀ ਨੇੜੇ ਨਰੂਲਾ ਜਿੰਮ ਕੋਟਕਪੂਰਾ), ਨਿਰਮਲ ਸਿੰਘ ਓੁਰਫ ਦੀਪੂ (ਵਾਸੀ ਬਾਹਮਣ ਵਾਲਾ ਰੋਡ ਨੇੜੇ ਦੁੱਧਾਧਾਰੀ ਡੇਰਾ ਕੋਟਕਪੂਰਾ) ਅਤੇ ਸੋਨਾ ਸਿੰਘ (ਵਾਸੀ ਭੋਲੂਵਾਲਾ ਰੋਡ ਨੇੜੇ ਵਾਨ ਫੈਕਟਰੀ ਫਰੀਦਕੋਟ) ਵਜੋ ਹੋਈ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਆ ਪਾਸੋ 01 ਲੋਹੇ ਦਾ ਖੰਡਾ, 02 ਲੋਹੇ ਦੇ ਟੋਕੇ, 01 ਕ੍ਰਿਪਾਨ ਅਤੇ 01 ਨਲਕੇ ਦੀ ਹੱਥੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਇੰਸਪੈਕਟਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਕੋਟਕਪਾਰ ਦੀ ਨਿਗਰਾਨੀ ਹੇਠ 21 ਨਵੰਬਰ ਨੂੰ ਹੌਲਦਾਰ ਗੁਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆ ਦੀ ਚੈਕਿੰਗ ਦੇ ਸਬੰਧ ਵਿੱਚ ਤਿਕੋਣੀ ਮੋਗਾ ਰੋਡ, ਕੋਟਕਪਰਾ ਵਿਖੇ ਮੌਜੂਦ ਸੀ ਤਾਂ ਉਹਨਾ ਨੂੰ ਭਰੋਸੇਯੋਗ ਸੂਚਨਾ ਮਿਲੀ ਕਿ ਇਹ ਦੋਸ਼ੀ ਜੋ ਲੁੱਟਾਂ-ਖੋਹਾਂ ਕਰਨ ਦੇ ਆਦਿ ਹਨ ਅਤੇ ਜੋ ਰਾਹਗੀਰਾ ਪਾਸੋ ਲੁੱਟ ਦੀ ਵਾਰਦਾਤਾ ਨੂੰ ਅੰਜਾਮ ਦਿੰਦੇ ਹਨ ਅਤੇ ਜੋ ਅੱਜ ਵੀ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿਸ ਸੂਚਨਾ ਦੇ ਅਧਾਰ ’ਤੇ ਤੁਰਤ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਵੱਲੋ ਇਹਨਾ ਦੋਸ਼ੀਆ ਨੂੰ ਡੇਰਾ ਬਾਬਾ ਭਮੀਰੀਦਾਸ ਨਜਦੀਕ ਬਿਜਲੀ ਘਰ, ਦੇਵੀਵਾਲਾ ਰੋਡ, ਕੋਟਕਪੂਰਾ ਪਾਸੋ ਉਸ ਸਮੇ ਗ੍ਰਿਫਤਾਰ ਕੀਤਾ, ਜਦ ਉਹ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਪਾਰਟੀ ਵੱਲੋਂ ਮੌਕੇ ਪਰ ਇਹਨਾ ਪਾਸੋ ਤੇਜਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮਕੱਦਮਾ ਨੰਬਰ 277 ਮਿਤੀ 21.11.2025 ਅ/ਧ 310(4), 310(5) ਬੀ.ਐਨ.ਐਸ. ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਹਨਾ ਦੱਸਿਆ ਕਿ ਜਦ ਇਹਨਾ ਦੋਸ਼ੀਆ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਵਿੱਚ ਸ਼ਾਮਿਲ ਦੋਸ਼ੀਆ ਖਿਲਾਫ ਪਹਿਲਾ ਵੀ ਕਤਲ, ਖੋਹ, ਨਸ਼ੇ ਦੀ ਤਸਕਰੀ, ਸੰਗਠਿਤ ਅਪਰਾਧ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ 8 ਮਾਮਲੇ ਦਰਜ ਰਜਿਸਟਰ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫਰੀਦਕੋਟ ਪੁਲਿਸ ਵੱਲੋਂ ਅਪਰਾਧਕ ਗਤੀਵਿਧੀਆਂ ਉੱਪਰ ਮੁਕੰਮਲ ਰੋਕ ਲਾਉਣ ਲਈ ਜ਼ਿਲ੍ਹੇ ਭਰ ਵਿੱਚ ਸਿਟੀ ਸੀਲਿੰਗ, ਨਾਕਾਬੰਦੀਆਂ ਅਤੇ ਇੰਟੈਨਸਿਵ ਚੈਕਿੰਗ ਓਪਰੇਸ਼ਨ ਲਗਾਤਾਰ ਚਲਾਏ ਜਾ ਰਹੇ ਹਨ। ਮੁੱਖ ਚੌਰਾਹਿਆਂ, ਅਹਿਮ ਰਸਤਿਆਂ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਪੁਲਿਸ ਦੀਆਂ ਟੀਮਾਂ 24 ਘੰਟੇ ਤਾਇਨਾਤ ਰਹਿੰਦੇ ਹੋਏ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਕੜੀ ਜਾਂਚ ਕਰ ਰਹੀਆਂ ਹਨ। ਇਹ ਮੁਹਿੰਮ ਜ਼ਿਲ੍ਹੇ ਵਿੱਚ ਲੁੱਟ-ਖੋਹ, ਚੋਰੀ ਅਤੇ ਹੋਰ ਅਪਰਾਧਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਵਿੱਚ ਮੱਦਦਗਾਰ ਸਾਬਤ ਹੋ ਰਹੀ ਹੈ। ਇਸ ਦੇ ਨਾਲ ਹੀ, ਫਰੀਦਕੋਟ ਪੁਲਿਸ ਵੱਲੋਂ ਏਰੀਆ ਡੋਮੀਨੇਸ਼ਨ, ਹਾਟ-ਸਪਾਟ ਖੇਤਰਾਂ ਵਿੱਚ ਸਰਚ ਓਪਰੇਸ਼ਨ ਅਤੇ ਮਾੜੇ ਅਨਸਰਾਂ ਦੇ ਠਿਕਾਣਿਆਂ ’ਤੇ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦਿਆਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।
ਫੋਟੋ :- 02
