‘ਸਾਥ ਸਮਾਜਿਕ ਗੂੰਜ਼’ ਵਲੋਂ ਕਰਵਾਇਆ ਗਿਆ ਸਲਾਈਡ ਸ਼ੋਅ ਰਾਹੀਂ ਜਾਗਰੂਕਤਾ ਸੈਮੀਨਾਰ
ਕੋਟਕਪੂਰਾ, 18 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲੂਲੇ ਲੰਗੜੇ, ਮੰਦਬੁੱਧੀ, ਅਪਾਹਜ ਬੱਚਿਆਂ ਦੀ ਪੈਦਾਇਸ਼ ਸਾਡੇ ਮੱਥੇ ’ਤੇ ਕਲੰਕ ਹੈ, ਕਿਉਂਕਿ ਇਸ ਸਭ ਕਾਸੇ ਲਈ ਅਸੀਂ ਖੁਦ ਹੀ ਜਿੰਮੇਵਾਰ ਹਾਂ। ਸਥਾਨਕ ਫੇਰੂਮਾਨ ਚੌਂਕ ਵਿੱਚ ਸਥਿੱਤ ਗੁਰਦਵਾਰਾ ਸਾਹਿਬ ਗੁਰੂ ਨਾਨਕ ਦੇਵ ਸਤਿਸੰਗ ਸਭਾ ਵਿਖੇ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵਲੋਂ ਕਰਵਾਏ ਗਏ ਸੈਮੀਨਾਰ/ਸਲਾਈਡ ਸ਼ੋਅ ਪੋ੍ਰਗਰਾਮ ਦੌਰਾਨ ‘ਸਾਥ ਸਮਾਜਿਕ ਗੂੰਜ਼’ ਦੇ ਸੰਸਥਾਪਕ ਗੁਰਵਿੰਦਰ ਸਿੰਘ ਜਲਾਲੇਆਣਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਇਸ ਵੇਲੇ ਨਸ਼ਾ ਅਤੇ ਪ੍ਰਦੂਸ਼ਣ ਦਾ ਮੁੱਦਾ ਸਾਡੇ ਲਈ ਮੁੱਖ ਹੈ। ਜੇਕਰ ਵਾਤਾਵਰਣ ਸ਼ੁੱਧ ਨਾ ਹੋਇਆ ਅਤੇ ਨਸ਼ਿਆਂ ਦੇ ਮੁਕੰਮਲ ਖਾਤਮੇ ਵੱਲ ਅਸੀਂ ਧਿਆਨ ਨਾ ਦਿੱਤਾ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਖਤਰੇ ਵਿੱਚ ਹੈ, ਕਿਉਂਕਿ ਨਵੀਂ ਪੀੜੀ ਤੰਦਰੁਸਤ ਪੈਦਾ ਨਹੀਂ ਹੋਵੇਗੀ। ਗੁਰਵਿੰਦਰ ਸਿੰਘ ਨੇ ਉਕਤ ਜਾਗਰੂਕਤਾ ਸੈਮੀਨਾਰ ਦੌਰਾਨ ਅੰਕੜਿਆਂ ਸਹਿਤ ਦਲੀਲਾਂ ਦੇ ਕੇ ਜ਼ਹਿਰੀਲੇ ਖਾਦ ਪਦਾਰਥਾਂ, ਪੈਸਾ ਕਮਾਉਣ ਦੀ ਹੌੜ ਵਿੱਚ ਵੱਧਦੀ ਬੇਈਮਾਨੀ, ਲਾਲਚਵੱਸ ਬਿਰਤੀ ਦੇ ਲੋਕਾਂ ਵਲੋਂ ਖਤਰਨਾਕ ਰਸਾਇਣਾ (ਕੈਮੀਕਲ) ਦੀ ਵਰਤੋਂ, ਸੂਚਨਾ ਦੇ ਅਧਿਕਾਰ ਐਕਟ, ਡਿਜੀਟਲ ਇੰਡੀਆ, ਆਰਗੈਨਿਕ ਖੇਤੀ, ਸਮੇਂ ਦੀਆਂ ਸਰਕਾਰਾਂ ਅਤੇ ਅਫਸਸ਼ਾਹੀ ਦੀ ਅਣਗਹਿਲੀ, ਭਿ੍ਰਸ਼ਟਾਚਾਰ ਵਰਗੀਆਂ ਅਲਾਮਤਾਂ ਅਤੇ ਸਮੱਸਿਆਵਾਂ ਦਾ ਵਿਸਥਾਰ ਵਿੱਚ ਜਿਕਰ ਕੀਤਾ। ਉਹਨਾਂ ਦੱਸਿਆ ਕਿ ਲੋੜ ਤੋਂ ਜਿਆਦਾ ਵਰਤੀ ਜਾ ਰਹੀ ਖਾਦ, ਕੀੜੇਮਾਰ ਦਵਾਈਆਂ ਅਤੇ ਹੋਰ ਰਸਾਇਣਾ ਨਾਲ ਮਨੁੱਖ ਅੰਦਰੋਂ ਫੌਲਿਕ ਐਸਿਡ ਨਾਮ ਦਾ ਰਸਾਇਣ ਖਤਮ ਹੁੰਦਾ ਜਾ ਰਿਹਾ ਹੈ ਤੇ ਡਾਕਟਰਾਂ ਵਲੋਂ ਕੈਮੀਕਲਯੁਕਤ ਦਵਾਈਆਂ ਨਾਲ ਉਸ ਐਸਿਡ ਦੀ ਪੂਰਤੀ ਕਰਨ ਦੀ ਕੌਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਬਹੁਤਾ ਅਸਰਅੰਦਾਜ ਨਹੀਂ ਹੋ ਰਿਹਾ। ਗੁਰਵਿੰਦਰ ਸਿੰਘ ਜਲਾਲੇਆਣਾ ਨੇ ਸੰਸਥਾ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ, ਮੈਂਬਰਾਂ ਵਿਨੋਦ ਕੁਮਾਰ, ਉਮੇਸ਼ ਕੁਮਾਰ ਆਦਿ ਸਮੇਤ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਾਲਾ ਪੀਲੀਆ ਅਤੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੀ ਬਹੁਤਾਤ ਕਾਰਨ ਵਿਸ਼ਵ ਸਿਹਤ ਸੰਸਥਾ (ਡਬਲਯੂ.ਐੱਚ.ਓ.) ਨੇ ਪੰਜਾਬੀਆਂ ਦੇ ਜਿਉਣ ਦੀ ਅੰਤਿਮ ਮਿਤੀ (ਐਕਸਪਾਇਰੀ ਡੇਟ) ਨਿਸ਼ਚਿਤ ਕਰ ਦਿੱਤੀ ਹੈ। ਉਕਤ ਮਾਮਲੇ ਦਾ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਵਿਸ਼ਵ ਦੀ ਸੰਸਥਾ ਨੇ ਇਸ ਲਈ ਪੰਜਾਬ ਸੂਬੇ ਦੀ ਚੋਣ ਹੀ ਕਿਉਂ ਕੀਤੀ ਹੈ? ਅਤੇ ਡਬਲਯੂ.ਐੱਚ.ਓ. ਦੀ ਚਿਤਾਵਨੀ ਦੇ ਬਾਵਜੂਦ ਵੀ ਅਸੀਂ ਆਪਣੇ ਇਸ ਖਤਰੇ ਬਾਰੇ ਵਿਸ਼ਲੇਸ਼ਣ ਕਰਨ ਤੱਕ ਵੀ ਸਹਿਮਤ ਨਹੀਂ ਹੋਏ। ਉਹਨਾਂ ਕਿਹਾ ਕਿ ਜ਼ਹਿਰੀਲੀਆਂ ਦਵਾਈਆਂ ਛਿੜਕ ਕੇ ਅਸੀਂ ਧਰਤੀ ਬਿਮਾਰ ਕਰ ਦਿੱਤੀ, ਪਾਣੀ ਗੰਧਲੇ ਕਰਨ ਦੀ ਕਸਰ ਨਹੀਂ ਛੱਡੀ, ਸਾਹ ਲੈਣ ਲਈ ਕੁਦਰਤ ਤੋਂ ਮਿਲੀ ਆਕਸੀਜਨ ਦੀ ਸੌਗਾਤ ਨੂੰ ਵੀ ਅਸੀਂ ਪ੍ਰਦੂਸ਼ਿਤ ਕਰਨ ਦਾ ਕੋਈ ਮੌਕਾ ਹੱਥੋ ਨਹੀਂ ਨਾ ਜਾਣ ਦਿੱਤਾ ਅਰਥਾਤ ਸਾਡੀ ਹਵਾ ਵੀ ਪਲੀਤ ਹੋ ਗਈ। ਗੁਰਵਿੰਦਰ ਸਿੰਘ ਜਲਾਲੇਆਣਾ ਨੇ ਸਲਾਈਡ ਸ਼ੋਅ ਰਾਹੀਂ ਪਰਦੇ ਉੱਪਰ ਇਕ ਇਕ ਸਮੱਸਿਆ ਦਾ ਜਿਕਰ ਕਰਕੇ ਵਿਸਥਾਰ ਵਿੱਚ ਉਸ ਸਮੱਸਿਆ ਦੇ ਹੱਲ ਬਾਰੇ ਸਮਝਾਉਣ ਦੀ ਕੌਸ਼ਿਸ਼ ਕੀਤੀ। ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਸੰਸਥਾ ਦੇ ਉਦੇਸ਼ਾਂ ਤੋਂ ਜਾਣੂ ਕਰਵਾਉਂਦਿਆਂ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ। ਅੰਤ ਵਿੱਚ ਗੁਰੂ ਦਾ ਲੰਗਰ ਅਤੁੱਟ ਵਰਤਿਆ, ਜੋ ਸੰਗਤਾਂ ਨੇ ਰਲ ਕੇ ਛਕਿਆ।

