ਮਾਛੀਵਾੜਾ ਸਾਹਿਬ 12 ਅਕਤੂਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਲੁਧਿਆਣਾ ਦੀ ਤਹਿਸੀਲ ਪਾਇਲ ਦਾ ਸਰਹੰਦ ਨਹਿਰ ਦੇ ਕਿਨਾਰੇ ਸਥਿਤ ਵੱਡਾ ਪਿੰਡ ਰਾਮਪੁਰ ਨੂੰ ਲੇਖਕਾਂ ਦਾ ਪਿੰਡ ਕਿਹਾ ਜਾਂਦਾ ਹੈ। ਇਸ ਪਿੰਡ ਦੇ ਅਜਿਹੇ ਲੇਖਕਾਂ ਦੀ ਗਿਣਤੀ ਅਠਾਈ ਹੋ ਗਈ ਹੈ, ਜਿਹਨਾਂ ਦੀਆਂ ਪੁਸਤਕਾਂ ਛਪ ਚੁੱਕੀਆਂ ਹਨ। ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਇਹ ਦੱਸਦਿਆਂ ਕਿਹਾ ਕਿ ਪੁਸਤਕਾਂ ਮਨੁੱਖ ਦੀਆਂ ਸਭ ਤੋਂ ਵਧੀਆ ਦੋਸਤ ਹੁੰਦੀਆਂ ਹਨ। ਇਸੇ ਲਈ ਇਸ ਪਿੰਡ ਵਿਚ ਪਹਿਲੇ ਬੁੱਕ ਬੈਂਕ ਦੀ ਸਥਾਪਨਾ ਕੀਤੀ ਗਈ ਹੈ, ਤਾਂ ਜੋ ਆਮ ਲੋਕਾਂ, ਖਾਸ ਤੌਰ ਤੇ ਨੌਜਵਾਨਾਂ ਅਤੇ ਬੱਚਿਆਂ ਨੂੰ ਪੜ੍ਹਨ ਦੀ ਪ੍ਰੇਰਨਾ ਮਿਲਦੀ ਰਹੇ। ਪ੍ਰਿੰ. ਪਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿਚ ਪੁਸਤਕ ਸਭਿਆਚਾਰ ਨੂੰ ਹੁਲਾਰਾ ਦੇਣ ਲਈ ਛੇ ਮਿੰਨੀ ਬੁੱਕ ਬੈਂਕ ਸਥਾਪਿਤ ਕਰ ਚੁੱਕੇ ਹਨ। ਗੁਰਚਰਨ ਸਿੰਘ ਮਾਂਗਟ ਅਤੇ ਸੁਰਿੰਦਰ ਰਾਮਪੁਰੀ, ਜੋ ਸਾਹਿਤ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ, ਦੀ ਪ੍ਰੇਰਨਾ ਸਦਕਾ ਸੱਤਵਾਂ ਬੈਂਕ ਆਪਣੇ ਨਾਨਕੇ ਪਿੰਡ ਰਾਮਪੁਰ ਵਿਚ ਸਥਾਪਿਤ ਕੀਤਾ ਹੈ। ਇਸ ਸਮੇ ਪਿੰਡ ਦੇ ਨੌਜਵਾਨ ਸਰਪੰਚ ਜਸਵੰਤ ਸਿੰਘ ਨੇ ਕਿਹਾ, ਅਸੀਂ ਪਿੰਡ ਵਿਚ ਅਜਿਹੇ ਹੋਰ ਵੀ ਬੁੱਕ ਬੈਂਕ ਸਥਾਪਿਤ ਕਰਾਂਗੇ ਤਾਂ ਜੋ ਨਗਰ ਨਿਵਾਸੀ ਪੁਸਤਕਾਂ ਨਾਲ ਜੁੜ ਸਕਣ। ਇਸ ਬੈਂਕ ਵਿੱਚੋਂ ਕੋਈ ਵੀ ਪੁਸਤਕ ਲਿਜਾ ਸਕਦਾ ਹੈ ਅਤੇ ਪੜ੍ਹ ਕੇ ਵਾਪਿਸ ਰੱਖ ਸਕਦਾ ਹੈ।
ਇਸ ਸਮੇਂ ਗੁਰਚਰਨ ਸਿੰਘ ਮਾਂਗਟ, ਸੁਖਦੇਵ ਸਿੰਘ ਮਾਂਗਟ, ਅਮਰੀਕ ਸਿੰਘ ਮਾਂਗਟ, ਡਾ. ਕੁਲਦੀਪ ਸਿੰਘ ਗਿੱਲ ,ਠੇਕੇਦਾਰ ਬਲਬੀਰ ਸਿੰਘ, ਜਸਵੰਤ ਸਿੰਘ ਸਰਪੰਚ, ਪ੍ਰਿੰ. ਪਰਮਜੀਤ ਸਿੰਘ ਗਰੇਵਾਲ, ਸੁਰਿੰਦਰ ਰਾਮਪੁਰੀ, ਮਾਸਟਰ ਗੁਰਦਾਸ, ਗੁਰਮੁੱਖ ਸਿੰਘ, ਪਰਮਿੰਦਰ ਕੌਰ ਮਾਂਗਟ, ਅਮਰਜੀਤ ਕੌਰ, ਲਖਵੀਰ ਕੌਰ ਅਤੇ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।