ਆਖਿਆ! ਬਾਬਾ ਫਰੀਦ ਜੀ ਧਰਤੀ ਨਾਲ ਹਮੇਸ਼ਾ ਜੁੜਿਆ ਰਹਾਂਗਾ
ਫਰੀਦਕੋਟ, 5 ਜੂਨ (ਵਰਲਡ ਪੰਜਾਬੀ ਟਾਈਮਜ਼)
ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਅੱਜ ਦੇ ਨਤੀਜਿਆਂ ਉੱਪਰ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ ਅਤੇ ਲੋਕਾਂ ਦੇ ਫਤਵੇ ਦਾ ਉਹ ਸਨਮਾਨ ਕਰਦੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਕਰਮਜੀਤ ਅਨਮੋਲ ਨੇ ਜੇਤੂ ਆਜਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਫਰੀਦਕੋਟ ਦੇ ਲੋਕਾਂ ਨੇ ਉਹਨਾਂ ਉੱਪਰ ਬਹੁਤ ਵੱਡਾ ਭਰੋਸਾ ਜਤਾਇਆ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਲੋਕਾਂ ਦੇ ਭਰੋਸੇ ਉੱਪਰ ਖਰਾ ਉੱਤਰਨਗੇ। ਕਰਮਜੀਤ ਅਨਮੋਲ ਨੇ ਕਿਹਾ ਕਿ ਸਵਾ ਦੋ ਮਹੀਨੇ ਚੱਲੇ ਚੋਣ ਪ੍ਰਚਾਰ ਦੌਰਾਨ ਉਹਨਾਂ ਨੂੰ ਫਰੀਦਕੋਟ ਦੇ ਲੋਕਾਂ ਕੋਲੋਂ ਬਹੁਤ ਮਾਣ-ਸਨਮਾਨ ਅਤੇ ਸਾਥ ਮਿਲਿਆ, ਜਿਸ ਲਈ ਉਹ ਸਭ ਦਾ ਦਿਲੋਂ ਧੰਨਵਾਦੀ ਹਨ। ਉਹਨਾਂ ਪਾਰਟੀ ਦੇ ਵਿਧਾਇਕਾਂ ਅਹੁਦੇਦਾਰ ਅਤੇ ਸਮੁੱਚੇ ਵਲੰਟੀਅਰਾਂ ਦਾ ਵੀ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਉਹ ਹਮੇਸ਼ਾ ਲੋਕਾਂ ਦੀ ਸੇਵਾ ’ਚ ਪਹਿਲਾਂ ਨਾਲੋਂ ਵੱਧ ਕੇ ਕੰਮ ਕਰਨਗੇ। ਉਹਨਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ। ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਬਾਬਾ ਫਰੀਦ ਜੀ ਦੀ ਸਰਜਮੀਂ ਨਾਲ ਹਮੇਸ਼ਾ ਜੁੜੇ ਰਹਿਣਗੇ ਅਤੇ ਰਹੀਆਂ ਕਮੀਆਂ ਬਾਰੇ ਪਾਰਟੀ ਹਾਈ ਕਮਾਨ ਨਾਲ ਵਿਚਾਰ ਚਰਚਾ ਕਰਨਗੇ। ਕਰਮਜੀਤ ਅਨਮੋਲ ਨੇ ਫਿਲਮ ਇੰਡਸਟਰੀ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਕਈ ਮਹੀਨੇ ਚੱਲੇ ਚੋਣ ਪ੍ਰਚਾਰ ਦੌਰਾਨ ਉਹਨਾਂ ਦੇ ਚੋਣ ਪ੍ਰਚਾਰ ਵਿੱਚ ਫਿਲਮੀ ਕਲਾਕਾਰਾਂ ਨੇ ਵੱਧ ਚੜ ਕੇ ਸਾਥ ਦਿੱਤਾ, ਜਿਸ ਲਈ ਉਹ ਸਭ ਦਾ ਦਿਲੋਂ ਧੰਨਵਾਦੀ ਹਨ।