ਫਰੀਦਕੋਟ, 8 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜਸੇਵੀ ਆਰਸ਼ ਸੱਚਰ ਨੇ ਮਾਨਯੋਗ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖ ਕੇ ਫਰੀਦਕੋਟ ਦੀਆਂ ਕੁਝ ਗੰਭੀਰ ਜਨਤਕ ਚਿੰਤਾਵਾਂ ’ਤੇ ਤੁਰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਕਰਨਦੀਪ ਸਿੰਘ ਭੁੱਲਰ ਵੱਲੋਂ ਕੀਤੀ ਗਈ ਫੇਸਬੁੱਕ ਪੋਸਟ ਵਿੱਚ ਲੋਕਾਂ ਦੀ ਨਾਰਾਜ਼ਗੀ ਸਾਫ਼ ਦਿੱਖ ਰਹੀ ਹੈ। ਪੋਸਟ ਵਿੱਚ ਖ਼ਾਸ ਤੌਰ ’ਤੇ ਸਾਦਿਕ ਚੌਂਕ ’ਤੇ ਹੋਏ ਹਾਦਸੇ ਵਿੱਚ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਮੱਦਦ ਨਾ ਮਿਲਣ ਦੀ ਗੱਲ ਸਾਹਮਣੇ ਆਈ ਹੈ। ਇਸ ਨਾਲ ਜਨਤਾ ਦਾ ਭਰੋਸਾ ਪ੍ਰਬੰਧਾਂ ’ਤੇ ਡੋਲ ਰਿਹਾ ਹੈ। ਆਰਸ਼ ਸੱਚਰ ਨੇ ਕਿਹਾ ਕਿ ਐਮਰਜੈਂਸੀ ਮੌਕੇ ’ਤੇ ਸਿਹਤ, ਪੁਲਿਸ ਅਤੇ ਨਗਰ ਪ੍ਰਸ਼ਾਸਨ ਦੇ ਵਿਚਕਾਰ ਤਾਲਮੇਲ ਦੀ ਕਮੀ ਕਾਰਨ ਸਥਿੱਤੀ ਹੋਰ ਵੀ ਖਰਾਬ ਹੋ ਰਹੀ ਹੈ। ਲੋਕਾਂ ਨੇ ਇਹ ਵੀ ਗਿਲਾ ਕੀਤਾ ਹੈ ਕਿ ਕੁਝ ਚੁਣੇ ਹੋਏ ਪ੍ਰਤੀਨਿਧੀਆਂ ਦੇ ਅਣਜਿੰਮੇਵਾਰ ਬਿਆਨ ਅਤੇ ਬੇਹਿਸ ਬਰਤਾਅ ਨਾਲ ਜਨਤਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਾਦਿਕ ਚੌਂਕ ਹਾਦਸੇ ਦੀ ਪੂਰੀ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ’ਤੇ ਕਾਰਵਾਈ ਹੋਵੇ। ਨਾਲ ਹੀ ਐਮਰਜੈਂਸੀ ਰਿਸਪਾਂਸ ਸਿਸਟਮ, ਸਿਹਤ ਸੇਵਾਵਾਂ ਅਤੇ ਸੜਕ ਸੁਰੱਖਿਆ ਪ੍ਰਬੰਧਾਂ ਦੀ ਨਿਯਮਿਤ ਸਮੀਖਿਆ ਕੀਤੀ ਜਾਵੇ। ਆਰਸ਼ ਸੱਚਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾਂ ਲੋਕਾਂ ਦੀ ਆਵਾਜ਼ ਸੁਣਦੀ ਹੈ ਅਤੇ ਇਸ ਮਾਮਲੇ ਵਿੱਚ ਵੀ ਜਲਦੀ ਤੇ ਸੰਵੇਦਨਸ਼ੀਲ ਕਦਮ ਚੁੱਕੇ ਜਾਣੇ ਚਾਹੀਦੇ ਹਨ, ਤਾਂ ਜੋ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਵੇ।