ਮੁਹੱਲਾ ਵਿਕਾਸ ਕਮੇਟੀ ਢਿੱਲੋਂ ਕਲੋਨੀ ਵੱਲੋਂ ਸਪੀਕਰ ਸੰਧਵਾਂ ਵਿਸ਼ੇਸ਼ ਸਨਮਾਨ
ਕੋਟਕਪੂਰਾ, 19 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁਹੱਲਾ ਵਿਕਾਸ ਕਮੇਟੀ ਢਿੱਲੋਂ ਕਲੋਨੀ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਰੱਖੇ ਸਨਮਾਨ ਸਮਾਰੋਹ ਮੌਕੇ ਉਹਨਾ ਨੂੰ ਮੁਹੱਲੇ ਦੀਆਂ ਰਹਿੰਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਤੋਂ ਜਾਣੂ ਕਰਵਾਇਆ, ਸਪੀਕਰ ਸੰਧਵਾਂ ਨੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਸਮੱਸਿਆਵਾਂ ਦਾ ਹੱਲ ਕੀਤਾ। ਵਿਕਾਸ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਬਰਾੜ ਦੇ ਗ੍ਰਹਿ ਵਿਖੇ ਸਪੀਕਰ ਸੰਧਵਾਂ ਦਾ ਸਨਮਾਨ ਕਰਨ ਮੌਕੇ ਧਨਵੰਤ ਸਿੰਘ ਖਹਿਰਾ ਨੇ ਆਖਿਆ ਕਿ ਸਪੀਕਰ ਸੰਧਵਾਂ ਨੇ ਢਿੱਲੋਂ ਕਲੋਨੀ ਦੇ ਵਸਨੀਕਾਂ ਦੀ ਚਾਰ ਦਹਾਕੇ ਅਰਥਾਤ 40 ਸਾਲ ਤੋਂ ਵੀ ਜਿਆਦਾ ਸਮਾਂ ਪੁਰਾਣੀ ਸਮੱਸਿਆ ਦਾ ਹੱਲ ਕੀਤਾ ਹੈ। ਉਹਨਾ ਕਿਹਾ ਕਿ ਗਲੀਆਂ-ਨਾਲੀਆਂ ਦੀ ਮੁੱਢਲੀ ਸਮੱਸਿਆ ਦੇ ਹੱਲ ਲਈ ਉਹ ਹਰੇਕ ਸਰਕਾਰ ਦੇ ਚੁਣੇ ਨੁਮਾਇੰਦੇ ਅਤੇ ਸਬੰਧਤ ਅਧਿਕਾਰੀ ਕੋਲ ਗਏ ਪਰ ਸਮੱਸਿਆ ਦਾ ਹੱਲ ਨਹੀਂ ਸੀ ਹੋ ਰਿਹਾ। ਸ੍ਰ ਖਹਿਰਾ ਨੇ ਦਾਅਵਾ ਕੀਤਾ ਕਿ ਮਿਆਰੀ ਢੰਗ ਨਾਲ ਹੋਏ ਗਲੀਆਂ-ਨਾਲੀਆਂ ਦੇ ਵਿਕਾਸ ਕਾਰਜ ਤੋਂ ਢਿੱਲੋਂ ਕਲੋਨੀ ਦੇ ਵਸਨੀਕ ਜਿੱਥੇ ਪੂਰੀ ਤਰਾਂ ਸੰਤੁਸ਼ਟ ਹਨ, ਉੱਥੇ ਸਪੀਕਰ ਸੰਧਵਾਂ ਦੇ ਰਿਣੀ ਵੀ ਹਨ। ਮੁਹੱਲਾ ਵਿਕਾਸ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਬਰਾੜ ਨੇ ਆਖਿਆ ਕਿ ਬਿਨਾ ਰਿਸ਼ਵਤ ਜਾਂ ਕਮਿਸ਼ਨ ਦੇ ਕੰਮ ਨੂੰ ਨੇਪਰੇ ਚਾੜਨ ਲਈ ਸਪੀਕਰ ਸੰਧਵਾਂ ਵੱਲੋਂ ਕੀਤੀਆਂ ਸਖਤ ਹਦਾਇਤਾਂ ਦੀ ਵੀ ਪ੍ਰਸੰਸਾ ਅਤੇ ਸ਼ਲਾਘਾ ਹੋਣੀ ਸੁਭਾਵਿਕ ਹੈ। ਉਹਨਾ ਮੰਨਿਆ ਕਿ ਉਹ ਗਲੀ ਵਿੱਚ ਕਈ ਕਈ ਸਾਲ ਰਹਿੰਦੇ ਚਿੱਕੜ ਦੀ ਸਮੱਸਿਆ ਤੋਂ ਬਹੁਤ ਪੇ੍ਰਸ਼ਾਨ ਸਨ। ਸਪੀਕਰ ਸੰਧਵਾਂ ਨੇ ਢਿੱਲੋਂ ਕਲੋਨੀ ਦੇ ਵਸਨੀਕਾਂ ਦਾ ਸਨਮਾਨ ਕਰਨ ਬਦਲੇ ਧੰਨਵਾਦ ਕਰਦਿਆਂ ਆਖਿਆ ਕਿ ਜੇਕਰ ਉਸ ਤੋਂ ਪਹਿਲਾਂ ਵਾਲੇ ਕੋਈ ਹੋਰ ਚੁਣੇ ਨੁਮਾਇੰਦੇ ਹੁੰਦੇ ਤਾਂ ਉਹ ਪਹਿਲਾਂ ਆਪਣਾ ਕਮਿਸ਼ਨ ਸੈੱਟ ਕਰਦੇ ਤੇ ਫਿਰ ਵਿਕਾਸ ਕਾਰਜ ਨੂੰ ਨੇਪਰੇ ਚਾੜਿਆ ਜਾਂਦਾ ਪਰ ਜੇਕਰ ਮੋਟਾ ਕਮਿਸ਼ਨ ਲੈ ਕੇ ਕੋਈ ਵੀ ਵਿਕਾਸ ਕਾਰਜ ਕਰਵਾਇਆ ਜਾਵੇ ਤਾਂ ਉਸ ਦੀ ਉਮਰ ਲੰਮੇਰੀ ਨਹੀਂ ਹੁੰਦੀ। ਉਹਨਾ ਕਿਹਾ ਕਿ ਗੁਰੂ ਜੀ ਦੀ ਬਖਸ਼ਿਸ਼ ਅਤੇ ਆਪਜੀ ਦੇ ਸਹਿਯੋਗ ਨਾਲ ਜੋ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਉਸਨੂੰ ਮੈਂ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨੇਪਰੇ ਚਾੜ੍ਹ ਰਿਹਾ ਹਾਂ। ਅੰਤ ਵਿੱਚ ਢਿੱਲੋਂ ਕਲੋਨੀ ਦੇ ਵਸਨੀਕਾਂ ਨੇ ਸਪੀਕਰ ਸੰਧਵਾਂ ਦਾ ਯਾਦਗਾਰੀ ਤਸਵੀਰ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਮਾ. ਖਰੈਤੀ ਲਾਲ ਸ਼ਰਮਾ, ਮਾ. ਗੁਰਵਿੰਦਰ ਸਿੰਘ, ਬਲਤੇਜ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ, ਹਰਜੀਤ ਸਿੰਘ ਵਾਲੀਆ, ਗੁਰਦਿੱਤਾ ਖਾਨ, ਬਲਵੀਰ ਸਿੰਘ ਲੰਭਵਾਲੀ, ਤਰਲੋਕ ਸਿੰਘ, ਗੁਰਦੇਵ ਸਿੰਘ ਸਮੇਤ ਅਨੇਕਾਂ ਹੋਰ ਸਤਿਕਾਰਤ ਮਰਦ-ਔਰਤਾਂ ਵੀ ਵੱਡੀ ਗਿਣਤੀ ਵਿੱਚ ਹਾਜਰ ਸਨ।

