ਫਰੀਦਕੋਟ 14 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਦੇ ਪ੍ਰਸਿੱਧ ਲੋਕ-ਗਾਇਕ ਅਤੇ ਅਦਾਕਾਰ ਇੰਦਰ ਮਾਨ ਨੂੰ ਐਂਟੀ ਕਰੱਪਸ਼ਨ ਫ਼ਾਉਂਡੇਸ਼ਨ ਆਫ਼ ਇੰਡੀਆ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਇਰ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਅਧੀਨ ਰਜਿ: ਐਂਟੀ ਕਰੱਪਸ਼ਨ ਫ਼ਾਉਂਡੇਸ਼ਨ ਆਫ਼ ਇੰਡੀਆ (ਏ.ਸੀ.ਐੱਫ.ਆਈ) ਦੇ ਸੁਪਰੀਮੋ ਨਰਿੰਦਰ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਦਰ ਮਾਨ ਜ਼ਿਲ੍ਹਾ ਡਾਇਰੈਕਟਰ ਨਿਯੁਕਤ ਹੋਏ ਹਨ । ਇਸ ਨਿਯੁਕਤੀ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਗਾਇਕ ਇੰਦਰ ਮਾਨ ਨੇ ਕਿਹਾ ਕਿ ਏ.ਸੀ.ਐਫ.ਆਈ. ਦਾ ਮੁੱਖ ਮਕਸਦ ਭਾਰਤ ਵਿੱਚੋਂ ਹਰ ਖੇਤਰ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਇੱਕ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਮੁੱਖ ਮਕਸਦ ਪੰਜਾਬੀ ਗਾਇਕੀ, ਅਦਾਕਾਰੀ ਅਤੇ ਸਾਹਿਤ ਦੇ ਨਾਲ-ਨਾਲ ਜ਼ਿਲ੍ਹਾ ਫ਼ਰੀਦਕੋਟ ਵਿੱਚੋਂ ਹਰ ਖੇਤਰ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਇਲਾਕੇ ਦੇ ਲੋਕਾਂ ਦੀ ਨਿਰ ਸਵਾਰਥ ਸੇਵਾ ਕਰਨਾ ਹੈ। ਇਸ ਮੌਕੇ ਉਹਨਾਂ ਨੇ ਡਾ. ਮਨਿੰਦਰ ਉੱਪਲ ਅਤੇ ਮੈਡਮ ਹਰਪ੍ਰੀਤ ਕੌਰ ਸੰਧੂ ਸਮੇਤ ਸਮੁੱਚੀ ਏ.ਸੀ.ਐੱਫ.ਆਈ. ਦਾ ਧੰਨਵਾਦ ਕਰਦਿਆਂ ਆਪਣੇ ਇਸ ਅਹੁਦੇ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ। ਉਹਨਾਂ ਦੀ ਇਸ ਨਿਯੁਕਤੀ ਮੌਕੇ ਸਮੁੱਚੇ ਸੰਗੀਤ ਅਤੇ ਫ਼ਿਲਮ-ਜਗਤ ਦੀਆਂ ਵੱਖ-ਵੱਖ ਉੱਘੀਆਂ ਸ਼ਖਸ਼ੀਅਤਾਂ ਜਿੰਨਾਂ ਚ ਮਨਜਿੰਦਰ ਗੋਲ੍ਹੀ,ਜੰਗੀਰ ਸੱਧਰ, ਪ੍ਰੋਫੈਸਰ ਨਿਰਮਲ ਕੋਸ਼ਿਕ , ਧਰਮ ਪ੍ਰਵਾਨਾਂ,ਵਤਨਵੀਰ ਜ਼ਖ਼ਮੀ,ਜੀਤ ਕੰਮੇਆਣਾ,ਰਾਣਾ ਕੰਮੇਆਣਾ,ਪੱਪੀ ਕੰਮੇਆਣਾ,ਵੱਲੋਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।