-1 ਨਵੰਬਰ ਨੂੰ ਹੋਵੇਗੀ ਸ਼ੂਟਿੰਗ ਲੁਹਾਮ/ਮੁਦਕੀ ਚ—-
ਫਰੀਦਕੋਟ 25 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪ੍ਰਸਿੱਧ ਲੋਕ ਗਾਇਕ ਬਲਧੀਰ ਮਾਹਲਾ ਨੇ ਆਪਣੇ ਤਿੰਨ ਨਵੇਂ ਗੀਤਾਂ, “ਹਿੰਦ ਦੀ ਚਾਦਰ,” “ਘੋੜੀ ਭੈਣ ਨੀ ਪ੍ਰੀਤ,” ਅਤੇ “ਦਾਣਾ ਪਾਣੀ” ਦੀ ਰਿਕਾਰਡਿੰਗ ਐੱਸਆਰ ਬੀਟਸ ਸਟੂਡੀਓ ਵਿੱਚ ਪੂਰੀ ਕਰ ਲਈ ਹੈ। ਇਨ੍ਹਾਂ ਗੀਤਾਂ ਦੀ ਵੀਡੀਓ ਸ਼ੂਟਿੰਗ 1 ਨਵੰਬਰ ਨੂੰ ਮੁਦਕੀ ਅਤੇ ਲੁਹਾਮ ਪਿੰਡਾਂ ਦੀਆਂ ਵੱਖ-ਵੱਖ ਲੋਕੇਸ਼ਨਾਂ ‘ਤੇ ਕੀਤੀ ਜਾਵੇਗੀ। ਇਹ ਜਾਣਕਾਰੀ ਬਲਧੀਰ ਮਾਹਲਾ ਆਫੀਸ਼ੀਅਲ ਦੇ ਪ੍ਰੈਸ ਸਕੱਤਰ ਡਾ. ਧਰਮ ਪ੍ਰਵਾਨਾ ਨੇ ਸਾਂਝੀ ਕੀਤੀ।
ਪ੍ਰੈਸ ਨੂੰ ਸੰਬੋਧਨ ਕਰਦਿਆਂ ਡਾ. ਪ੍ਰਵਾਨਾ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਗੀਤਾਂ ਵਿੱਚੋਂ ਪਹਿਲਾ ਗੀਤ “ਹਿੰਦ ਦੀ ਚਾਦਰ,” ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਧਾਰਮਿਕ ਰਚਨਾ ਹੈ। ਦੂਜਾ ਗੀਤ “ਦਾਣਾ ਪਾਣੀ,” ਵਾਤਾਵਰਨ ਪ੍ਰਦੂਸ਼ਣ ਬਾਰੇ ਜਾਗਰੂਕ ਕਰਨ ਵਾਲਾ ਇੱਕ ਦੋਗਾਣਾ ਹੈ, ਜਦੋਂ ਕਿ ਤੀਜਾ ਗੀਤ “ਘੋੜੀ ਭੈਣ ਨੀ ਪ੍ਰੀਤ,” ਵਿਆਹ ਦੀ ਇੱਕ ਮਹੱਤਵਪੂਰਨ ਰਸਮ ਨੂੰ ਪੇਸ਼ ਕਰਦਾ ਹੈ।
ਰਿਕਾਰਡਿੰਗ ਦੀ ਜਾਣਕਾਰੀ ਦਿੰਦਿਆਂ ਪ੍ਰਵਾਨਾ ਨੇ ਦੱਸਿਆ ਕਿ ਤਿੰਨਾਂ ਗੀਤਾਂ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਰਵਿੰਦਰ ਟੀਨਾ ਨੇ ਦਿੱਤਾ ਹੈ ਅਤੇ ਇਨ੍ਹਾਂ ਨੂੰ ਉੱਘੇ ਰਿਕਾਰਡਿੰਗ ਇੰਜੀਨੀਅਰ ਸੰਗੀਤ ਕੰਡਿਆਰਾ ਦੀ ਦੇਖ-ਰੇਖ ਹੇਠ ਮੁਕੰਮਲ ਕੀਤਾ ਗਿਆ ਹੈ। “ਹਿੰਦ ਦੀ ਚਾਦਰ” ਅਤੇ “ਘੋੜੀ ਭੈਣ ਨੀ ਪ੍ਰੀਤ” ਦੇ ਬੋਲ ਖੁਦ ਬਲਧੀਰ ਮਾਹਲਾ ਨੇ ਲਿਖੇ ਹਨ, ਜਦੋਂਕਿ “ਦਾਣਾ ਪਾਣੀ” ਦੇ ਬੋਲ ਮਰਹੂਮ ਗੀਤਕਾਰ ਕੰਵਲਜੀਤ ਸਿੰਘ ਢਿੱਲੋਂ (ਢੁੱਡੀ) ਦੀ ਕਲਮ ਤੋਂ ਹਨ।
ਇਸ ਪ੍ਰੋਜੈਕਟ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਮਾਹਲਾ ਨੇ ਨਵੀਂ ਗਾਇਕਾ ਮਿਸ ਨਿਮਰਤ ਹਠੂਰ ਨੂੰ ਪਹਿਲੀ ਵਾਰ ਗਾਉਣ ਦਾ ਮੌਕਾ ਦਿੱਤਾ ਹੈ, ਜਦੋਂਕਿ ਪ੍ਰਸਿੱਧ ਗਾਇਕਾ ਸੋਫੀਆ ਗਿੱਲ ਨੇ ਵੀ ਉਨ੍ਹਾਂ ਨਾਲ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ।
ਡਾ. ਪ੍ਰਵਾਨਾ ਨੇ ਅੱਗੇ ਦੱਸਿਆ ਕਿ 1 ਨਵੰਬਰ ਨੂੰ ਬਲਕਰਨ ਸਿੰਘ ਮੱਲ੍ਹੀ ਦੀ ਸਰਪ੍ਰਸਤੀ ਹੇਠ, ਨਾਮਵਰ ਵੀਡੀਓ ਨਿਰਦੇਸ਼ਕ ਗੁਰਬਾਜ ਗਿੱਲ ਦੀ ਟੀਮ ਵੱਲੋਂ ਗੀਤ “ਹਿੰਦ ਦੀ ਚਾਦਰ” ਅਤੇ “ਦਾਣਾ ਪਾਣੀ” ਨੂੰ ਫਿਲਮਾਇਆ ਜਾਵੇਗਾ। ਸ਼ੂਟਿੰਗ ਲਈ ਪਿੰਡ ਲੁਹਾਮ ਅਤੇ ਮੁਦਕੀ ਦੇ ਆਸ-ਪਾਸ ਦੀਆਂ ਖੂਬਸੂਰਤ ਥਾਵਾਂ ਨੂੰ ਚੁਣਿਆ ਗਿਆ ਹੈ। ਇਹ ਗੀਤ ਜਲਦੀ ਹੀ ਬਲਧੀਰ ਮਾਹਲਾ ਦੇ ਯੂਟਿਊਬ ਚੈਨਲ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਸਰੋਤਿਆਂ ਲਈ ਰਿਲੀਜ਼ ਕੀਤੇ ਜਾਣਗੇ।

