ਪੁਲਿਸ ਦੇ ਰੂਪ ਵਿੱਚ ਛੁਪੇ ਅਜਿਹੇ ਗੁੰਡਿਆਂ ਨੂੰ ਨੱਥ ਪਾਉਣ ਦੀ ਲੋੜ: ਪ੍ਰਧਾਨ
ਪ੍ਰੈੱਸ ਕਲੱਬ ਬਠਿੰਡਾ ਦਿਹਾਤੀ (ਰਜਿ.) ਹਰ ਪੱਤਰਕਾਰ ਨਾਲ ਚੱਟਾਨ ਵਾਂਗ ਖੜ੍ਹਾ ਹੈ : ਗੁਰਪ੍ਰੀਤ ਚਹਿਲ
ਬਠਿੰਡਾ,7 ਅਗਸਤ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਅੰਦਰ ਪਿੰਡਾ ਦੀਆਂ ਸੱਥਾਂ ਚੋਂ ਚੱਲਣ ਅਤੇ ਆਮ ਲੋਕਾਂ ਦੀ ਸਰਕਾਰ ਦੇ ਦਾਅਵੇ ਕਰਨ ਵਾਲ਼ੀ ਪੰਜਾਬ ਸਰਕਾਰ ਆਪਣੀ ਪੁਲ਼ਸ ਨੂੰ ਨੱਥ ਪਾਉਣ ਚ ਬੁਰੀ ਤਰਾਂ ਫੇਲ ਹੋ ਚੁੱਕੀ ਹੈ। ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ਼ ਗ੍ਰਹਿ ਵਿਭਾਗ ਵੀ ਹੈ ਪਰ ਫਿਰ ਵੀ ਪੰਜਾਬ ਪੁਲਿਸ ਨੂੰ ਜਾਂ ਤਾਂ ਉਹਨਾਂ ਦਾ ਡਰ ਨਹੀਂ ਜਾਂ ਫੇਰ ਉਹਨਾਂ ਵੱਲੋਂ ਪੰਜਾਬ ਪੁਲਿਸ ਦੀਆਂ ਲਗਾਮਾਂ ਖੁੱਲੀਆਂ ਛੱਡੀਆਂ ਗਈਆਂ ਹਨ। ਭਾਵੇਂ ਪਿਛਲੇ ਦਿਨੀਂ ਪੰਜਾਬ ਪੁਲਿਸ ਦੇ ਕੁੱਝ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਬਠਿੰਡਾ ਨਹਿਰ ਚ ਡਿੱਗੀ ਇੱਕ ਕਾਰ ਵਿੱਚੋਂ ਦਰਜ਼ਨ ਦੇ ਕਰੀਬ ਪਰਿਵਾਰਿਕ ਮੈਂਬਰਾਂ ਨੂੰ ਬਚਾਅ ਕੇ ਬੜਾ ਨੇਕ ਕੰਮ ਕੀਤਾ ਗਿਆ ਸੀ ਪਰ। ਪੰਜਾਬ ਪੁਲਸ ਚ ਅਜਿਹੇ ਮੁਲਾਜ਼ਮਾਂ ਦੀ ਗਿਣਤੀ ਆਟੇ ਚ ਲੂਣ ਵਾਂਗ ਹੈ।ਜੇਕਰ ਜਿਆਦਾਤਰ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ 1985 ਤੋਂ ਲੈ ਕੇ ਅੱਜ ਤੱਕ ਖਾਕੀ ਨਾਲ ਬਹੁਤ ਵਿਵਾਦ ਜੁੜੇ ਹਨ ਤੇ ਉਸੇ ਤਹਿਤ ਹੀ ਹੁਣ ਫਿਰ ਬਠਿੰਡਾ ਪੁਲਿਸ ਨਾਲ ਸੰਬੰਧਤ 2 ਸਬ ਇੰਸਪੈਕਟਰਾਂ ਨੇ ਵਰਦੀ ਦੇ ਨਸ਼ੇ ਚ ਚੂਰ ਹੋ ਬਟਾਲਾ ਵਿੱਚ ਇੱਕ ਪੱਤਰਕਾਰ ਨੂੰ ਬੁਰੀ ਤਰ੍ਹਾਂ ਕੁੱਟਿਆ ਹੈ।ਜਾਣਕਾਰੀ ਦੇ ਮੁਤਾਬਿਕ ਜਹਾਨਖੇਲਾ (ਹੁਸ਼ਿਆਰਪੁਰ) ਵਿਖੇ ਟ੍ਰੇਨਿੰਗ ਕਰ ਰਹੇ 2 ਸਬ ਇੰਸਪੈਕਟਰ ਮਨਦੀਪ ਸਿੰਘ ਤੇ ਸੁਰਜੀਤ ਕੁਮਾਰ ਜੋ ਕਿ ਬਟਾਲਾ ਵਿਖੇ ਆਏ ਹੋਏ ਸਨ, ਪਛਾਣ ਦੇ ਤੌਰ ‘ਤੇ ਜਦੋਂ ਬਲਜੀਤ ਸਿੰਘ ਨਾਮਕ ਪੱਤਰਕਾਰ ਨੇ ਉਹਨਾਂ ਤੋਂ ਉਹਨਾ ਦੀ ਪਹਿਚਾਣ ਬਾਰੇ ਪੁੱਛਿਆ ਤਾਂ ਤੈਸ਼ ਵਿੱਚ ਆਏ ਉਕਤ ਭੂਤਰੇ ਪੁਲਿਸ ਅਧਿਕਾਰੀਆਂ ਨੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਧਰਤੀ ਤੇ ਸੁੱਟ ਕੇ ਠੁੱਡੇ ਤੱਕ ਵੀ ਮਾਰੇ। ਹਰ ਵਾਰ ਦੀ ਤਰ੍ਹਾਂ ਪਹਿਲਾਂ ਤਾਂ ਪੰਜਾਬ ਪੁਲਿਸ ਨੇ ਇਸ ਮਾਮਲੇ ਨੂੰ ਵੀ ਟਾਲਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੱਤਰਕਾਰ ਭਾਈਚਾਰੇ ਨੇ ਇਸ ਬਾਰੇ ਤਿੱਖਾ ਸੰਘਰਸ਼ ਵਿੱਢਣ ਦੀ ਗੱਲ਼ ਕੀਤੀ ਤਾਂ ਡੀਜੀਪੀ ਪੰਜਾਬ ਦੇ ਦਖ਼ਲ ਤੋਂ ਬਾਅਦ ਇਹਨਾਂ ਦੋਨਾਂ ਗੁੰਡੇ ਦੋਨਾਂ ਅਧਿਕਾਰੀਆਂ ਮਨਦੀਪ ਸਿੰਘ ਤੇ ਸੁਰਜੀਤ ਕੁਮਾਰ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ । ਇਸ ਮਾਮਲੇ ਬਾਰੇ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ(ਰਜਿ.)ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ।ਪ੍ਰਧਾਨ ਗੁਰਜੀਤ ਚੌਹਾਨ ਨੇ ਕਿਹਾ ਕਿ ਪੁਲਿਸ ਵਰਦੀ ਦੇ ਰੂਪ ਵਿੱਚ ਲੁਕੇ ਹੋਏ ਅਜਿਹੇ ਗੁੰਡੇ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਜਿੱਥੇ ਇਹ ਸ਼ਰੇਆਮ ਸੰਵਿਧਾਨ ਤੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ, ਉਥੇ ਹੀ ਲੋਕਾਂ ਦੇ ਵਿੱਚ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦਾ ਅਕਸ ਬਹੁਤ ਜਿਆਦਾ ਖਰਾਬ ਹੁੰਦਾ ਹੈ। ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਚਹਿਲ ਨੇ ਕਿਹਾ ਕਿ ਇੱਕ ਪੱਤਰਕਾਰ ਤੇ ਹਮਲਾ ਕਰਨਾ ਬੜੀ ਸ਼ਰਮਨਾਕ ਘਟਨਾ ਹੈ ਪੁਲਸ ਦੀ ਵਰਦੀ ਵਿੱਚ ਛੁਪੇ ਐਸੇ ਗੁੰਡੇ ਅਨਸਰਾਂ ਨੂੰ ਪੰਜਾਬ ਸਰਕਾਰ ਨੱਥ ਪਾਵੇ। ਉਹਨਾਂ ਇਹ ਵੀ ਕਿਹਾ ਕਿ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ (ਰਜਿ.) ਹਰੇਕ ਪੱਤਰਕਾਰ ਨਾਲ ਚੱਟਾਨ ਵਾਂਗ ਖੜ੍ਹਾ ਹੈ।ਇਸ ਘਟਨਾ ਨੂੰ ਲੈ ਕੇ ਕਲੱਬ ਦੇ ਸਰਪ੍ਰਸਤ ਭਾਈ ਜਸਕਰਨ ਸਿੰਘ ਸਿਵੀਆਂ, ਜਰਨਲ ਸਕੱਤਰ ਸੁਰਿੰਦਰ ਪਾਲ ਸਿੰਘ ਬੱਲੂਆਣਾ, ਖਜਾਨਚੀ ਰਾਜਦੀਪ ਜੋਸ਼ੀ, ਸੀਨੀਅਰ ਪੱਤਰਕਾਰ ਸੱਤਪਾਲ ਮਾਨ,ਨਸੀਬ ਚੰਦ ਸ਼ਰਮਾ, ਪ੍ਰੈੱਸ ਸਕੱਤਰ, ਗੁਰਸੇਵਕ ਸਿੰਘ ਚੁੱਘੇ ਖੁਰਦ,ਜਸਵੀਰ ਸਿੰਘ ਕਟਾਰ ਸਿੰਘ ਵਾਲਾ, ਗੁਰਪ੍ਰੀਤ ਸਿੰਘ ਗੋਪੀ, ਪ੍ਰਿੰਸ ਕੁਮਾਰ ਸੇਖੂ , ਜਸ਼ਨਜੀਤ ਸਿੰਘ,ਨਵਦੀਪ ਗਰਗ,ਇਕਬਾਲ ਸਿੰਘ, ਸੀਨੀਅਰ ਪੱਤਰਕਾਰ ਮਨੋਜ ਚਰਖੀਵਾਲ ਆਦਿ ਵੱਲੋਂ ਵੀ ਇਹਨਾਂ ਪੁਲਿਸ ਅਧਿਕਾਰੀਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ