ਕੋਟਕਪੂਰਾ, 27 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੇਸ਼ ਭਰ ਦੀਆਂ ਸਰਕਾਰੀ ਬੈਂਕਾਂ ਦੇ ਸਮੂਹ ਵਲੋਂ ਅੱਜ ਆਪਣੀ ਇੱਕੋ ਇਕ ਮੰਗ ਨੂੰ ਲੈ ਕੇ ਰੋਸ ਧਰਨਾ ਦੇ ਕੇ ਜਿੱਥੇ ਕੰਮ ਛੋੜ ਹੜਤਾਲ ਕੀਤੀ ਗਈ, ਉੱਥੇ ਸਰਕਾਰ ਖਿਲਾਫ ਨਾਹਰੇਬਾਜੀ ਕਰਕੇ ਖੂਬ ਭੜਾਸ ਕੱਢੀ ਗਈ। ਸਥਾਨਕ ਫਰੀਦਕੋਟ ਸੜਕ ’ਤੇ ਸਥਿੱਤ ਐਸ.ਬੀ.ਆਈ. ਦੀ ਬਰਾਂਚ ਮੂਹਰੇ ਬੈਂਕ ਮੁਲਾਜਮਾ ਨੇ ਰੋਸ ਧਰਨਾ ਦੇ ਕੇ ਆਖਿਆ ਕਿ ਜੇਕਰ ਅਜੇ ਵੀ ਸਰਕਾਰ ਦੇ ਕੰਨਾ ’ਤੇ ਜੂੰ ਨਾ ਸਰਕੀ ਤਾਂ ਇਹ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਕਾਮਰੇਡ ਹਨੂੰਵੰਤ ਰਾਏ ਬਾਂਸਲ, ਨਵਦੀਪ ਕੱਕੜ, ਮਨੀਸ਼ ਗੋਇਲ, ਮਨਦੀਪ ਸਵਾਮੀ ਅਤੇ ਪੈਕੀ ਬਾਂਸਲ ਨੇ ਆਖਿਆ ਕਿ 1986 ਵਿੱਚ ਦੇਸ਼ ਦੇ ਕਈ ਰਾਜਾਂ ਵਿੱਚ ਹਫਤੇ ਵਿੱਚੋਂ ਪੰਜ ਦਿਨ ਕੰਮ ਅਤੇ ਸ਼ਨੀਵਾਰ-ਐਤਵਾਰ ਛੁੱਟੀ ਲਾਗੂ ਕਰ ਦਿੱਤੀ ਗਈ ਅਤੇ ਸਾਲ 2012 ਵਿੱਚ ਹਫਤੇ ਵਿੱਚੋਂ ਦੋ ਸ਼ਨੀਵਾਰ ਛੁੱਟੀਆਂ ਤੋਂ ਵਧਾ ਕੇ ਚਾਰ ਸ਼ਨੀਵਾਰ ਛੁੱਟੀਆਂ ਕਰਨ ਦੀ ਮੰਗ ਨੂੰ ਟਾਲ ਮਟੋਲ ਦੀ ਨੀਤੀ ਰਾਹੀਂ ਟਾਲਿਆ ਜਾ ਰਿਹਾ ਹੈ ਪਰ ਮੁਲਾਜਮਾ ਦੇ ਕੰਮ ਦੇ ਬੋਝ, ਵਧ ਰਹੀ ਡਿਪਰੈਸ਼ਨ ਦੀ ਸਮੱਸਿਆ ਅਤੇ ਖੁਦਕਸ਼ੀ ਦੇ ਮਾਮਲਿਆਂ ਦੇ ਬਾਵਜੂਦ ਵੀ ਮੁਲਾਜਮਾ ਦੀ ਵਾਜਬ ਮੰਗ ਨਹੀਂ ਮੰਨੀ ਜਾ ਰਹੀ। ਮੈਡਮ ਕੁਲਦੀਪ ਕੌਰ ਨੇ ਦੱਸਿਆ ਕਿ ਦੇਸ਼ ਭਰ ਦੀਆਂ ਸਰਕਾਰੀ ਬੈਂਕਾਂ ਦੀਆਂ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਸਥਿੱਤ ਬਰਾਂਚਾਂ ਮੂਹਰੇ ਬਹੁਤ ਸਾਰੀਆਂ ਔਰਤ ਮੁਲਾਜਮਾ ਆਪਣੇ ਮਾਸੂਮ ਬੱਚਿਆਂ ਨੂੰ ਵੀ ਧਰਨੇ ’ਤੇ ਲੈ ਕੇ ਆਈਆਂ ਹਨ ਪਰ ਕੜਾਕੇ ਦੀ ਠੰਡ ਵਿੱਚ ਮੁਲਾਜਮਾ ਅਤੇ ਮਾਸੂਮ ਬੱਚਿਆਂ ਉਪਰ ਵੀ ਤਰਸ ਤੱਕ ਨਹੀਂ ਕੀਤਾ ਜਾ ਰਿਹਾ।

