ਮਾਨਸੂਨ ਸੈਸ਼ਨ ਵਿੱਚ ਖਾਲੀ ਜਗ੍ਹਾ ‘ਤੇ 500 ਪੌਦੇ ਲਗਾਉਣ ਦਾ ਮਿੱਥਿਆ ਗਿਆ ਟੀਚਾ : ਜਸਵਿੰਦਰ ਸਿੰਘ
ਕੋਟਕਪੂਰਾ, 21 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਨੌਜਵਾਨ ਜਸਵਿੰਦਰ ਸਿੰਘ, ਸੁਖਚੈਨ ਸਿੰਘ, ਮੋਹਿਤ ਕੁਮਾਰ, ਮਹਿੰਦਰ ਕੁਮਾਰ, ਬਲਕਾਰ ਸਿੰਘ, ਹਰਸ਼ਵਿੰਦਰ ਸਿੰਘ, ਸੁਖਜੀਤ ਸਿੰਘ ਅਤੇ ਹੋਰ ਸਾਥੀਆਂ ਨੇ ਦਿਨੋ ਦਿਨ ਵੱਧ ਰਹੀ ਗਰਮੀ ਨੂੰ ਦੇਖਦਿਆਂ ਪਿੰਡ ਕਿੱਕਰ ਖੇੜਾ ਦੇ ਸਟੇਡੀਅਮ ਦੇ ਆਲੇ ਦੁਆਲੇ ਨਿੰਮ, ਟਾਹਲੀ, ਜਾਮਣ, ਅਸ਼ੋਕਾ ਆਦਿ ਛਾਂਦਾਰ ਅਤੇ ਸਜਾਵਟੀ 150 ਪੌਦੇ ਲਗਾਏ। ਨੌਜਵਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਓਹਨਾਂ ਦਾ ਇਸ ਮਾਨਸੂਨ ਸੈਸ਼ਨ ਵਿੱਚ ਖਾਲੀ ਜਗ੍ਹਾ ‘ਤੇ 500 ਪੌਦੇ ਲਗਾਉਣ ਦਾ ਟੀਚਾ ਹੈ ਅਤੇ ਪੌਦੇ ਲਗਾ ਕੇ ਓਹਨਾਂ ਦੀ ਸੰਭਾਲ ਕਰਨਾ ਵੀ ਹੈ। ਗੁਰਮੀਤ ਸਿੰਘ ਪਰਜਾਪਤੀ ਸਰਕਲ ਪ੍ਰਧਾਨ ਆਜ਼ਾਦ ਕਿਸਾਨ ਮੋਰਚਾ ਪੰਜਾਬ ਨੇ ਪਿੰਡ ਦੇ ਨੌਜਵਾਨਾਂ ਵੱਲੋਂ ਪੌਦੇ ਲਗਾਉਣ ਦੀ ਇਸ ਮੁਹਿੰਮ ਨੂੰ ਇੱਕ ਕ੍ਰਾਂਤੀਕਾਰੀ ਅਤੇ ਸ਼ਲਾਘਾਯੋਗ ਉਪਰਾਲਾ ਕਦਮ ਦੱਸਦਿਆਂ ਕਿਹਾ ਕਿ ਵਿਕਾਸ ਦੇ ਨਾਮ ‘ਤੇ ਪਹਾੜਾਂ ਨੂੰ ਕੱਟ ਕੱਟ ਕੇ ਅਤੇ ਸੜਕਾਂ ਚੌੜੀਆਂ ਕਰਨ ‘ਤੇ ਹਰ ਸਾਲ ਲੱਖਾਂ ਦਰੱਖਤ ਵੱਢੇ ਜਾ ਰਹੇ ਹਨ ਪਰ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਰੁੱਖ ਲਗਾਏ ਬਹੁਤ ਘੱਟ ਜਾ ਰਹੇ ਹਨ। ਕੁਦਰਤ ਨਾਲ ਕੀਤੀ ਜਾ ਰਹੀ ਇਹ ਛੇੜਛਾੜ ਮਨੁੱਖੀ ਜੀਵਨ ਲਈ ਬਹੁਤ ਘਾਤਕ ਸਾਬਤ ਹੋਵੇਗੀ। ਗੁਰਮੀਤ ਸਿੰਘ ਪਰਜਾਪਤੀ ਵਲੋਂ ਸਮੁੱਚੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਓਹਨਾ ਨੂੰ ਜਿੱਥੇ ਵੀ ਖਾਲੀ ਜਗ੍ਹਾ ਮਿਲਦੀ ਹੈ, ਓਥੇ ਘੱਟੋ ਘੱਟ 10 ਰੁੱਖ ਜਰੂਰ ਲਗਾਏ ਜਾਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਚਾਇਆ ਜਾ ਸਕੇ।
