ਮੈਰਿਜ ਪੈਲਿਸ ਮਾਲਕਾਂ ਨੂੰ ਇਸ ਸਬੰਧੀ ਸੁਚੇਤ ਕਰਨ ਲਈ ਕੀਤੀ ਮੀਟਿੰਗ
ਕੋਟਕਪੂਰਾ, 12 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐਸ.ਐਸ.ਪੀ ਡਾ. ਪ੍ਰਗਿਆ ਜੈਨ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸ਼ਾਂਤੀ ਬਣਾਈ ਰੱਖਣ ਦੇ ਉਦੇਸ਼ ਨਾਲ ਵਿਆਹ ਸ਼ਾਦੀਆਂ ਅਤੇ ਹੋਰ ਸਮਾਜਕ ਸਮਾਰੋਹਾਂ ਵਿੱਚ ਹਥਿਆਰਾਂ ਦੀ ਨੁਮਾਇਸ਼ ਕਰਨ ਤੋਂ ਰੋਕਣ ਲਈ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਕਦਮ ਇਸ ਲਈ ਉਠਾਇਆ ਗਿਆ ਹੈ ਤਾਂ ਜੋ ਕੋਈ ਅਜਿਹੀ ਘਟਨਾ ਨਾ ਘਟੇ ਜੋ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾ ਸਕੇ। ਇਸ ਸਬੰਧੀ ਜਸਮੀਤ ਸਿੰਘ ਸਾਹੀਵਾਲ ਐਸ.ਪੀ ਫਰੀਦਕੋਟ ਵੱਲੋਂ ਮੈਰਿਜ ਪੈਲੇਸ ਮਾਲਕਾਂ ਨਾਲ ਕੋਟਕਪੂਰਾ ਵਿਖੇ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਇਸ ਸਬੰਧਈ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ ਮੈਰਿਜ ਪੈਲਿਸ ਮਾਲਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਹਥਿਆਰਾਂ ਨੂੰ ਮੈਰਿਜ ਪੈਲੇਸਾਂ ਅਤੇ ਹੋਰ ਸਮਾਜਕ ਸਮਾਰੋਹਾਂ ਵਿੱਚ ਲਿਜਾਣ ’ਤੇ ਕਾਨੂੰਨੀ ਪਾਬੰਦੀ ਲਾਈ ਗਈ ਹੈ ਅਤੇ ਜੇਕਰ ਉਹਨਾਂ ਨੂੰ ਸਮਾਗਮ ਦੌਰਾਨ ਇਸ ਦੀ ਉਲੰਘਣਾ ਕਰਨ ਸਬੰਧੀ ਗੱਲ ਸਾਹਮਣੇ ਆਉਦੀ ਹੈ ਤਾਂ ਤੁਰੰਤ ਸਬੰਧਤ ਥਾਣੇ ਦੇ ਮੁਖੀ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਸਬੰਧਿਤ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ। ਇਸ ਤੋ ਇਲਾਵਾ ਮੈਰਿਜ ਪੈਲੇਸਾਂ ਵਿੱਚ ਇਸ ਸਬੰਧੀ ਜਾਗਰੂਕ ਕਰਨ ਲਈ ਬੋਰਡ ਲਾਉਣ ਸਬੰਧੀ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਫਰੀਦਕੋਟ ਪੁਲਿਸ ਨੇ ਅਪੀਲ ਕੀਤੀ ਕਿ ਵਿਆਹ ਸ਼ਾਦੀਆਂ ਅਤੇ ਹੋਰ ਸਮਾਜਕ ਸਮਾਰੋਹਾਂ ਮੌਕੇ ਹਥਿਆਰਾਂ ਨੂੰ ਲਿਜਾਣ ਤੋਂ ਪਰਹੇਜ ਕੀਤਾ ਜਾਵੇ। ਜੇਕਰ ਕੋਈ ਵਿਅਕਤੀ ਅਸਲਾ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

