ਆਰਟੀਆਈ ਕਾਰਕੁੰਨ ਅਤੇ ਪੱਤਰਕਾਰਾਂ ਖਿਲਾਫ ਦਰਜ ਮਾਮਲਾ ਰੱਦ ਕਰਵਾਉਣ ਲਈ ਰੋਸ ਪ੍ਰਦਰਸ਼ਨ
ਕੋਟਕਪੂਰਾ, 5 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਕੋਟਕਪੂਰਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ ਅਤੇ ਜਨਰਲ ਸਕੱਤਰ ਮੋਹਰ ਸਿੰਘ ਗਿੱਲ ਦੀ ਅਗਵਾਈ ਹੇਠ ਪਿਛਲੇ ਦਿਨੀਂ ਆਰ.ਟੀ.ਆਈ. ਕਾਰਕੁੰਨ ਅਤੇ ਪੱਤਰਕਾਰਾਂ ਖਿਲਾਫ ਦਰਜ ਕੀਤੇ ਕੇਸ ਦੇ ਵਿਰੋਧ ਵਿੱਚ ਅੱਜ ਇਨਸਾਫ ਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕਰਕੇ ਪੈ੍ਰਸ ਕੋਂਸਲ ਆਫ ਇੰਡੀਆ ਨਵੀਂ ਦਿੱਲੀ ਦੇ ਚੇਅਰਮੈਨ/ਸਕੱਤਰ ਦੇ ਨਾਮ ਮੰਗ ਪੱਤਰ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਗਿਆ। ਆਪਣੇ ਸੰਬੋਧਨ ਦੌਰਾਨ ਵੱਖ-ਵੱਖ ਪੱਤਰਕਾਰ ਯੂਨੀਅਨਾ ਅਤੇ ਇਨਸਾਫ ਪਸੰਦ ਜਥੇਬੰਦੀਆਂ ਦੇ ਆਗੂਆਂ ਨੇ ਆਖਿਆ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜਾਦੀ ਨੂੰ ਬਰਕਰਾਰ ਰੱਖਣ ਲਈ ਸਾਨੂੰ ਜਿੰਨਾ ਮਰਜੀ ਤਿੱਖਾ ਅਤੇ ਸਖਤ ਸੰਘਰਸ਼ ਕਰਨਾ ਪਵੇ, ਉਹ ਜਰੂਰ ਕਰਾਂਗੇ, ਨਹੀਂ ਤਾਂ ਆਉਣ ਵਾਲੀਆਂ ਹੋਰ ਸਰਕਾਰਾਂ ਵੀ ਇਸ ਤਰ੍ਹਾਂ ਦੇ ਕੋਝੇ ਹੱਥ ਕੰਢੇ ਵਰਤ ਕੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜਾਦੀ ਲਈ ਖਤਰਾ ਪੈਦਾ ਕਰਨਗੀਆਂ। ਸਾਂਝੇ ਤੌਰ ’ਤੇ ਸਟੇਜ ਸੰਚਾਲਨ ਕਰਦਿਆਂ ਅਵਤਾਰ ਸਿੰਘ ਸਹੋਤਾ, ਪੇ੍ਰਮ ਚਾਵਲਾ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਰੋਸ ਪ੍ਰਦਰਸ਼ਨ ਦੇ ਮੁੱਖ ਕਾਰਨ ਅਤੇ ਵਿਉਂਤਬੰਦੀ ਤੋਂ ਜਾਣੂ ਕਰਵਾਇਆ। ਆਪਣੇ ਸੰਬੋਧਨ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ, ਪੰਜਾਬ ਸਟੂਡੈਂਟ ਯੂਨੀਅਨ, ਟੀ.ਐਸ.ਯੂ., ਪੰਜਾਬ ਪੈਨਸ਼ਨਰਜ ਯੂਨੀਅਨ ਅਤੇ ਹੋਰ ਵੱਖ ਵੱਖ ਸੰਸਥਾਵਾਂ ਨਾਲ ਸਬੰਧਤ ਆਗੂਆਂ ਨੇ ਆਖਿਆ ਕਿ ਅੰਦੋਲਨ ਵਿੱਚੋਂ ਨਿਕਲੀ ਪਾਰਟੀ ਦੇ ਮੂਹਰਲੀ ਕਤਾਰ ਦੇ ਆਗੂਆਂ ਵਿੱਚ ਸ਼ਾਮਲ ਅਰਵਿੰਦ ਕੇਜਰੀਵਾਲ ਆਪਣੀ ਹਰ ਸਟੇਜ ਤੋਂ ਬੜੀ ਪ੍ਰਮੁੱਖਤਾ ਨਾਲ ਆਰਟੀਆਈ ਕਾਨੂੰਨ ਦੀ ਵਰਤੋਂ ਵੱਧ ਤੋਂ ਵੱਧ ਕਰਨ ਅਤੇ ਭਗਵੰਤ ਸਿੰਘ ਮਾਨ ਸਿਆਸਤਦਾਨਾ ਅਤੇ ਅਫਸਰਾਂ ਨੂੰ ਸਵਾਲ ਕਰਨ ਦੀ ਵਕਾਲਤ ਕਰਦੇ ਸਨ ਪਰ ਅੱਜ ਆਰਟੀਆਈ ਕਾਰਕੁੰਨ ਅਤੇ ਸਵਾਲ ਪੁੱਛਣ ਵਾਲੇ ਪੱਤਰਕਾਰਾਂ ਖਿਲਾਫ ਝੂਠਾ ਮਾਮਲਾ ਦਰਜ ਕਰਨ ਵਾਲੀ ਕਾਰਵਾਈ ਨੇ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਦਾ ਛੁਪਿਆ ਚਿਹਰਾ ਅਤੇ ਏਜੰਡਾ ਵੀ ਨੰਗਾ ਕਰ ਦਿੱਤਾ ਹੈ। ਕਿਸਾਨ ਆਗੂਆਂ ਗੁਰਮੇਲ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਜੱਸਾ ਕੋਹਾਰਵਾਲਾ, ਯਾਦਵਿੰਦਰ ਸਿੰਘ ਸਿਬੀਆ, ਕੁਲਵੰਤ ਸਿੰਘ ਚਾਨੀ, ਮਨਜੀਤ ਕੌਰ ਨੰਗਲ, ਸੁਰਜੀਤ ਸਿੰਘ ਬਰਾੜ, ਰੁਲਦੂ ਸਿੰਘ ਸੈਣੀ, ਕੇਵਲ ਸਿੰਘ ਪੇ੍ਰਮੀ, ਮੰਦਰ ਸਿੰਘ ਸਮੇਤ ਵਿਦਿਆਰਥੀ ਆਗੂਆਂ ਸੁਖਪ੍ਰੀਤ ਸਿੰਘ ਮੌੜ, ਬਲਰਾਜ ਸਿੰਘ ਮੌੜ ਅਤੇ ਸੁਖਬੀਰ ਸਿੰਘ ਆਦਿ ਨੇ ਆਖਿਆ ਕਿ ਹਰ ਲੇਖਕ, ਗਾਇਕ, ਗੀਤਕਾਰ, ਸਾਹਿਤਕਾਰ ਸਮੇਤ ਦੇਸ਼ ਦੀ 150 ਕਰੋੜ ਦੀ ਆਬਾਦੀ ਵਾਲੇ ਹਰ ਨਾਗਰਿਕ ਕੋਲ ਵਿਚਾਰਾਂ ਦੇ ਪ੍ਰਗਟਾਵੇ ਦੀ ਆਜਾਦੀ ਹੈ ਪਰ ਜੇਕਰ ਲੋਕਤੰਤਰ ਦੇ ਚੌਥੇ ਥੰਮ ‘ਪੈ੍ਰਸ’ ਖਿਲਾਫ ਹੀ ਐਮਰਜੈਂਸੀ ਲਾਗੂ ਕਰਕੇ ਝੂਠੇ ਮਾਮਲੇ ਦਰਜ ਕਰਕੇ ਪੱਤਰਕਾਰਾਂ ਦੀ ਆਵਾਜ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਸ ਨੂੰ ਦੇਸ਼ ਦੇ ਭਵਿੱਖ ਲਈ ਸ਼ੁੱਭ ਸੰਕੇਤ ਨਹੀਂ ਮੰਨਿਆ ਜਾ ਸਕਦਾ। ਅੰਤ ਵਿੱਚ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਨਾਹਰੇਬਾਜੀ ਕਰਦਿਆਂ ਸ਼ਾਂਤਮਈ ਰੂਪ ਵਿੱਚ ਰੋਸ ਪ੍ਰਦਰਸ਼ਨ ਸਥਾਨਕ ਤਹਿਸੀਲ ਕੰਪਲੈਕਸ ਵਿੱਚ ਪੁੱਜਾ, ਜਿੱਥੇ ਐਸਡੀਐਮ ਦੀ ਗੈਰ ਹਾਜਰੀ ਕਰਕੇ ਸ੍ਰ ਮੱਖਣ ਸਿੰਘ ਨਾਇਬ ਤਹਿਸੀਲਦਾਰ ਨੂੰ ਪੈ੍ਰਸ ਕੋਂਸਲ ਆਫ ਇੰਡੀਆ ਨਵੀਂ ਦਿੱਲੀ ਦੇ ਨਾਮ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ 10 ਪੱਤਰਕਾਰਾਂ, ਆਰਟੀਆਈ ਕਾਰਕੁੰਨ ਅਤੇ ਸਮਾਜਸੇਵੀਆਂ ਖਿਲਾਫ ਦਰਜ ਕੀਤਾ ਮਾਮਲਾ ਰੱਦ ਹੋਵੇ ਅਤੇ ਭਵਿੱਖ ਵਿੱਚ ਇਸ ਤਰਾਂ ਦੀ ਘਟਨਾ ਨਾ ਵਾਪਰਨੀ ਯਕੀਨੀ ਬਣਾਈ ਜਾਵੇ। ਇਸ ਮੌਕੇ ਵੱਖ ਵੱਖ ਪੱਤਰਕਾਰ ਯੂਨੀਅਨਾ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕਿਸਾਨ ਯੂਨੀਅਨ ਫਤਹਿ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਗੱਲਾ ਮਜਦੂਰ ਯੂਨੀਅਨ, ਬੀਕੇਯੂ ਡਕੌਂਦਾ, ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ, ਰਾਸ਼ਟਰੀ ਮੂਲ ਭਾਰਤੀ ਚਿੰਤਨ ਸੰਘ, ਕਿਸਾਨ ਮਜਦੂਰ ਯੂਨੀਅਨ, ਬੀਕੇਯੂ ਡਕੌਂਦਾ ਧਨੇਰ, ਗੁੱਡ ਮੌਰਨਿੰਗ ਵੈਲਫੇਅਰ ਕਲੱਬ, ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ, ਅਰੋੜਬੰਸ ਸਭਾ, ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ, ਲਾਇਨਜ ਕਲੱਬ ਕੋਟਕਪੂਰਾ ਰਾਇਲ, ਸਿਟੀਜਨ ਸੇਵਾ ਸੁਸਾਇਟੀ, ਪੀਬੀਜੀ ਵੈਲਫੇਅਰ ਕਲੱਬ, ਅਕਾਲੀ ਦਲ ਬਾਦਲ, ਕਾਂਗਰਸ ਅਤੇ ਹੋਰ ਵੱਖ ਵੱਖ ਰਾਜਨੀਤਿਕ ਅਤੇ ਗੈਰ ਸਿਆਸੀ ਸ਼ਖਸ਼ੀਅਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ।

