ਫਰੀਦਕੋਟ , 16 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਇਲਾਕੇ ਨੂੰ ਦੀਨ ਦਿਆਲ ਉਪਾਧਿਆ ਗ੍ਰਾਮੀਣ ਕੌਸ਼ਲ ਯੋਜਨਾ ਦਾ ਬਹੁਤ ਵੱਡਾ ਫਾਇਦਾ ਹੋਵੇਗਾ, ਜਿੱਥੇ ਬੱਚੇ ਹੱਥੀ ਹੁਨਰਮੰਦ ਹੋ ਕੇ ਆਪਣੇ ਅਤੇ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰ ਸਕਦੇ ਹਨ। ਕੇਂਦਰ ਸਰਕਾਰ ਦੇ ਇਸ ਤਰ੍ਹਾਂ ਦੇ ਉਪਰਾਲਿਆਂ ਵਿੱਚ ਪੰਜਾਬ ਸਰਕਾਰ ਹਮੇਸ਼ਾਂ ਪੂਰਾ ਸਹਿਯੋਗ ਦੇਣ ਲਈ ਵਚਨਬੱਧ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਚਨਾਬ ਗਰੁੱਪ ਆਫ ਐਜੂਕੇਸ਼ਨ ਦੇ ਸਹਿਯੋਗ ਅਤੇ ਸੱਤਿਆ ਸਾਈਂ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਦੇ ਚੱਲ ਰਹੇ ਸਕਿੱਲ ਸੈਂਟਰ ਵਿੱਚ ਲੋਹੜੀ ਦੇ ਤਿਉਹਾਰ ਦੌਰਾਨ ਬੱਚਿਆਂ ਨੂੰ ਆਪਣੇ ਸੰਬੋਧਨ ਦੌਰਾਨ ਕਹੇ। ਲੋਹੜੀ ਦੇ ਇਸ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਵਿਦੇਸ਼ਾਂ ਦੀ ਤਰਜ ’ਤੇ ਪੰਜਾਬ ਸਰਕਾਰ ਵੀ ਬੱਚਿਆਂ ਨੂੰ ਹੁਨਰਮੰਦ ਬਣਾ ਕੇ ਪੰਜਾਬ ਨੂੰ ਆਰਥਿਕ ਤੌਰ ’ਤੇ ਤਰੱਕੀ ਵੱਲ ਵਧਾਉਣ ਲਈ ਆਪਣਾ ਪੂਰਨ ਸਹਿਯੋਗ ਦੇ ਰਹੀ ਹੈ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਫਰੀਦਕੋਟ ਦੇ ਮੈਨੇਜਰ ਵਿਜੇ ਸਿੰਘ ਅਤੇ ਰਾਜਵੀਰ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਹ ਕੋਰਸ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਏ.ਡੀ.ਸੀ. ਨਰਭਿੰਦਰ ਸਿੰਘ ਗਰੇਵਾਲ ਦੀ ਰਹਿਨੁਮਾਈ ਹੇਠ ਜਰਨਲ ਡਿਊਟੀ ਅਸਿਸਟੈਂਟ ਦਾ ਕੋਰਸ ਬਿਲਕੁਲ ਫਰੀ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਬੱਚਿਆਂ ਦੇ ਰਹਿਣ, ਖਾਣ-ਪੀਣ, ਵਰਦੀ ਕਿਤਾਬਾਂ, ਸਰਕਾਰ ਵੱਲੋਂ ਮੁਹਈਆ ਕਰਵਾਈ ਜਾ ਰਹੀਆਂ ਹਨ, ਹੁਣ ਇਸ ਟ੍ਰੇਨਿੰਗ ਦੌਰਾਨ ਲਗਭਗ 122 ਬੱਚੇ ਇਸ ਸਕਿੱਲ ਟ੍ਰੇਨਿੰਗ ਦਾ ਫਾਇਦਾ ਚੁੱਕ ਰਹੇ ਹਨ। ਸਕਿੱਲ ਸੈਂਟਰ ਦੇ ਹੈਡ ਬਲਜੀਤ ਸਿੰਘ ਖੀਵਾ ਨੇ ਆਏ ਹੋਏ ਪਤਵੰਤਿਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆ ਕਿਹਾ ਕੀ ਸਾਡੀ ਸੰਸਥਾ ਪਹਿਲਾਂ ਵੀ ਹਜ਼ਾਰਾਂ ਨੌਜਵਾਨਾਂ ਨੂੰ ਸਕਿੱਲ ਟ੍ਰੇਨਿੰਗ ਦੇ ਕੇ ਰੋਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਲਾਇਕ ਬਣਾ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਸਰਕਾਰ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਰਹਿਣਗੇ। ਇਸ ਸਮੇਂ ਬੱਚਿਆਂ ਨੇ ਗੀਤ ਸੰਗੀਤ, ਡਾਂਸ ਅਤੇ ਰੋਜ਼ਗਾਰ ਨਾਲ ਸੰਬੰਧਿਤ ਸਕਿੱਟਾਂ ਪੇਸ਼ ਕਰਕੇ ਆਪਣੇ ਫਨ ਦਾ ਮੁਜਾਹਰਾ ਕੀਤਾ। ਇਸ ਸਮੇਂ ਸਮਾਜਸੇਵੀ ਅਮਨਦੀਪ ਘੋਲੀਆ, ਹਨੀ ਬਰਾੜ, ਰੀਨੇਸ਼ ਕੌਰ ਖੀਵਾ, ਅੰਕੁਸ਼ ਬਜਾਜ, ਨਵਜੋਤ ਕੌਰ, ਮਮਤਾ, ਕੁਲਬੀਰ ਕੌਰ, ਪੂਜਾ ਰਾਣੀ, ਸ਼ਿਵ ਕੁਮਾਰ, ਮਮਤਾ ਵਾਰਡਨ, ਅਜ਼ਾਦ ਸਿੰਘ ਅਤੇ ਸਾਰੇ ਬੱਚੇ ਹਾਜ਼ਰ ਸਨ।