ਕੋਟਕਪੂਰਾ, 19 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕਈ ਮਹੱਤਵਪੂਰਨ ਸੜਕ ਪ੍ਰੋਜੈਕਟਾਂ ਦੀ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕੀਤੀ ਗਈ। ਉਨ੍ਹਾਂ ਸ਼ਾਹਬਾਜ ਨਗਰ, ਦਸ਼ਮੇਸ਼ ਨਗਰ, ਦੀਪ ਸਿੰਘ ਨਗਰ ਅਤੇ ਹਰਿੰਦਰਾ ਨਗਰ ਵਿੱਚ ਨਵੀਆਂ ਸੜਕਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ, ਜੋ ਇਲਾਕੇ ਦੀਆਂ ਲੰਬੇ ਸਮੇਂ ਤੋਂ ਚੱਲਦੀਆਂ ਮੰਗਾਂ ਨੂੰ ਪੂਰਾ ਕਰਨ ਵੱਲ ਇਕ ਵੱਡਾ ਕਦਮ ਹੈ। ਇਸ ਮੌਕੇ ਅਪਣੇ ਸੰਬੋਧਨ ਵਿਚ ਉਨ੍ਹਾਂ ਦੱਸਿਆ ਕਿ ਵੱਖ-ਵੱਖ ਮੁਹੱਲਿਆਂ ਵਿੱਚ ਸੜਕਾਂ ਦੇ ਨਵੀਨੀਕਰਨ ਲਈ 3 ਕਰੋੜ 3 ਲੱਖ ਰੁਪਏ ਦੀ ਲਾਗਤ ਆਉਣੀ ਹੈ, ਜਿਸ ਵਿੱਚ 1 ਕਰੋੜ 1 ਲੱਖ ਰੁਪਏ ਨਾਲ ਸ਼ਾਹਬਾਜ ਨਗਰ ਅਤੇ ਬਾਜੀਗਰ ਬਸਤੀ ਵਿੱਚ, ਇਸ ਤੋਂ ਇਲਾਵਾ ਦਸ਼ਮੇਸ਼ ਨਗਰ ਵਿੱਚ 40 ਲੱਖ ਰੁਪਏ, ਹਰਿੰਦਰਾ ਨਗਰ ਵਿਚ 48 ਲੱਖ ਰੁਪਏ ਅਤੇ 64 ਲੱਖ ਰੁਪਏ ਦੀ ਲਾਗਤ ਨਾਲ ਗ੍ਰੀਨ ਐਵੀਨਿਊ ਵਿਖੇ ਨਵੀਂ ਸੜਕ ਤਿਆਰ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਹਾਜ ਗਰਾਊਂਡ ਰੋਡ ਏਰੋਡਰੰਮ ਰੋਡ) ਉੱਤੇ ਵੀ 3 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਸੜਕ ਬਣਾਈ ਜਾਵੇਗੀ, ਜਿਸ ਦੇ ਟੈਂਡਰ ਲੱਗ ਚੁੱਕੇ ਹਨ ਅਤੇ ਕੰਮ ਜਲਦੀ ਸ਼ੁਰੂ ਹੋਵੇਗਾ। ਇਨ੍ਹਾਂ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਚਾਰ ਵੱਡੀਆਂ ਸੜਕਾਂ ਲਈ 4 ਕਰੋੜ 22 ਲੱਖ ਰੁਪਏ ਦੇ ਟੈਂਡਰ ਲੱਗ ਚੁੱਕੇ ਹਨ ਅਤੇ ਇਨ੍ਹਾਂ ’ਤੇ ਵੀ ਜਲਦ ਕੰਮ ਆਰੰਭ ਹੋਵੇਗਾ। ਇਸ ਮੌਕੇ ਵਿਧਾਇਕ ਸੇਖੋਂ ਨੇ ਇਹ ਵੀ ਦੱਸਿਆ ਕਿ ਕੋਤਵਾਲੀ ਰੋਡ ਤੋਂ ਪੁਲ ਤੱਕ ਦੀ ਸੜਕ 2 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾ ਰਹੀ ਹੈ, ਜੋ ਨਗਰ ਨਿਵਾਸੀਆਂ ਲਈ ਆਵਾਜਾਈ ਸਹੂਲਤਾਂ ਨੂੰ ਬਹੁਤ ਸੁਧਾਰੇਗੀ। ਉਨ੍ਹਾਂ ਕਿਹਾ ਕਿ ਨਾਲ ਹੀ ਪਾਣੀ ਸਪਲਾਈ ਨਾਲ ਜੁੜੇ ਕਈ ਪ੍ਰੋਜੈਕਟਾਂ ’ਤੇ ਵੀ ਜਲਦੀ ਕੰਮ ਸ਼ੁਰੂ ਕੀਤਾ ਜਾਵੇਗਾ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਧੀਨ ਵਿਕਾਸ ਲਈ ਵਚਨਬੱਧਤਾ ਸਾਫ਼ ਹੈ ਅਤੇ ਹਰ ਇਲਾਕੇ ਨੂੰ ਬਿਨਾਂ ਭੇਦਭਾਵ ਦੇ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਯਤਨ ਜਾਰੀ ਰਹਿਣਗੇ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਅਮਨਦੀਪ ਸਿੰਘ ਬਾਬਾ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁਰਤੇਜ ਸਿੰਘ ਖੋਸਾ, ਐਮ.ਸੀ. ਕਮਲਜੀਤ ਸਿੰਘ, ਜ਼ਿਲ੍ਹਾ ਮੀਡੀਆ ਇੰਚਾਰਜ ਜਗਜੀਤ ਜੱਗੀ, ਗੁਰਲਾਲ ਸਿੰਘ, ਰਵਦੀਪ ਸਿੰਘ, ਜਗਮੋਹਨ ਲੱਕੀ, ਰਜਿੰਦਰ ਰਿੰਕੂ, ਸਤਨਾਮ ਸਿੰਘ, ਪ੍ਰੀਤਮ ਸਿੰਘ, ਗੁਰਤੇਜ ਸਿੰਘ ਖੋਸਾ, ਰਵੀ ਬੁਗਰਾ, ਸੋਨੂੰ ਗਿੱਲ ਆਦਿ ਵੀ ਹਾਜ਼ਰ ਸਨ।