ਕਿਸਾਨਾਂ ਨੂੰ ਆਪਣੀ ਫਸਲ ਲਈ ਪਾਣੀ ਅਤੇ ਬਿਜਲੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਸੇਖੋਂ
ਕੋਟਕਪੂਰਾ, 23 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਨੂੰ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਉਪਰਾਲੇ ਲਗਾਤਾਰ ਜਾਰੀ ਹਨ। ਇਸੇ ਤਹਿਤ ਫਰੀਦਕੋਟ ਹਲਕੇ ਦੇ ਪੰਜ ਪਿੰਡਾਂ ਵਿੱਚ ਨਵੇਂ ਮੋਗਿਆਂ ਤੇ ਨਵੀਆਂ ਪਾਈਪ ਲਾਈਨਾਂ ਜੋ ਕਿ ਖੇਤਾਂ ਦੀ ਸਿੰਚਾਈ ਲਈ ਬਣਾਈਆਂ ਗਈਆਂ ਹਨ ਦਾ ਉਦਘਾਟਨ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋ ਨੇ ਵੱਖ ਵੱਖ ਪਿੰਡਾਂ ਵਿੱਚ ਸਿੰਚਾਈ ਪਾਈਪ ਲਾਈਨਾਂ ਦੇ ਉਦਘਾਟਨ ਉਪਰੰਤ ਅੱਜ ਪਿੰਡ ਝੋਟੀਵਾਲਾ. ਸੁੱਖਣਵਾਲਾ, ਪੱਖੀਕਲਾਂ ਤੇ ਗੋਲੇਵਾਲਾ ਆਦਿ ਦਾ ਦੌਰਾ ਕੀਤਾ ਅਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਨੀਵਾਂ ਹੋਣ ਤੇ ਬਹੁਤ ਚਿੰਤਤ ਹੈ ਤੇ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਖੇਤੀ ਲਈ ਵੱਧ ਤੋਂ ਵੱਧ ਨਹਿਰੀ ਪਾਣੀ ਉਪਲਬਧ ਕਰਵਾਇਆ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ਦਾ ਪੱਧਰ ਬਰਕਰਾਰ ਰੱਖਿਆ ਜਾ ਸਕੇ। ਉਹਨਾਂ ਦੱਸਿਆ ਕਿ ਅੱਜ ਹਲਕੇ ਦੇ ਇਹਨਾਂ ਚਾਰ ਪਿੰਡਾਂ ਵਿੱਚ ਸਿੰਚਾਈ ਲਈ ਨਵੇਂ ਮੋਘੇ ਬਣਾਏ ਗਏ ਹਨ, ਉਥੇ ਹੀ ਨਵੀਆਂ ਪਾਈਪ ਲਾਈਨਾਂ ਵਿਛਾ ਕੇ ਹਰ ਖੇਤ ਤੱਕ ਪਾਣੀ ਪਹੁੰਚਾਉਣ ਦਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਚਾਰ ਪਿੰਡਾਂ ਝੋਟੀਵਾਲਾ, ਸੁੱਖਣਵਾਲਾ, ਪੱਖੀਕਲਾਂ ਅਤੇ ਗੋਲੇਵਾਲਾ ਵਿਖੇ ਦੋ ਮੋਘੇ ਸਮੇਤ ਕੁੱਲ ਪੰਜ ਮੋਘੇ ਤੇ ਪਾਈਪਲਾਈਨਾਂ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ’ਤੇ 2 ਕਰੋੜ 52 ਲੱਖ ਰੁਪਏ ਤੋਂ ਜਿਆਦਾ ਰਾਸ਼ੀ ਖਰਚ ਆਈ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਲੋੜੀਂਦੀ ਅੱਠ ਘੰਟੇ ਬਿਜਲੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ, ਉੱਥੇ ਹੀ ਨਹਿਰੀ ਪਾਣੀ ਵੀ ਲੋੜੀਂਦੀ ਮਾਤਰਾ ਵਿੱਚ ਦਿੱਤਾ ਜਾ ਰਿਹਾ ਹੈ ਅਤੇ ਨਹਿਰਾਂ ਦਾ ਪਾਣੀ ਟੇਲਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਦ੍ਰਿੜ ਹੈ ਤੇ ਰਾਜ ਦਾ ਕੋਈ ਵੀ ਅਜਿਹਾ ਖੇਤਰ ਨਹੀਂ ਛੱਡਿਆ ਜਾਵੇਗਾ, ਜੋ ਵਿਕਾਸ ਪੱਖੋਂ ਅਧੂਰਾ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦਾ ਵਿਕਾਸ ਤਰਜੀਹੀ ਆਧਾਰ ’ਤੇ ਕੀਤਾ ਜਾ ਰਿਹਾ ਹੈ ਤਾਂ ਹੀ ਰਾਜ ਦੇ ਲੋਕ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨਾਲ ਚਟਾਣ ਵਾਂਗ ਖੜੇ ਹਨ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਸਾਦਿਕ ਰਮਨਦੀਪ ਸਿੰਘ ਮੁਮਾਰਾ, ਡੀ.ਐਸ.ਸੀ.ਓ. ਜਗਮੋਹਨ ਸਿੰਘ ਵਿਰਕ, ਐਸ.ਡੀ.ਐਸ.ਸੀ.ਓ. ਰਾਜਵਿੰਦਰ ਕੌਰ, ਐਸ.ਸੀ.ਓ. ਜਸਪ੍ਰੀਤ ਸਿੰਘ ਧਾਲੀਵਾਲ, ਸਿਮਰਤ ਸਿੰਘ ਸੰਧੂ ਸੁੱਖਣਵਾਲਾ, ਜਗਜੀਤ ਸਿੰਘ ਪੱਖੀਕਲਾਂ, ਗੁਰਪਿੰਦਰ ਸਿੰਘ ਬਲਾਕ ਪ੍ਰਧਾਨ, ਮੀਤਾ ਗੋਲੇਵਾਲਾ, ਗੁਰਸ਼ਰਨ ਸਿੰਘ ਸਰਪੰਚ ਕਾਬਲ ਵਾਲਾ, ਨਿਰਮਲ ਸਿੰਘ, ਮਨਜਿੰਦਰ ਸਿੰਘ, ਰਣਜੀਤ ਸਿੰਘ ਝੋਟੀ ਵਾਲਾ, ਮਾਸਟਰ ਅਮਰਜੀਤ ਸਿੰਘ ਪਰਮਾਰ, ਹਰਜੀਤ ਸਿੰਘ ਹੀਰਾ, ਗੁਰਲਾਲ ਸਿੰਘ ਨੰਬਰਦਾਰ ਸੰਗਤਪੁਰਾ ਸਮੇਤ ਇਹਨਾਂ ਪਿੰਡਾਂ ਦੇ ਮੋਗਿਆਂ ਦੇ ਸਮੂਹ ਹਿੱਸੇਦਾਰ ਹਾਜ਼ਰ ਸਨ।