ਭਵਿੱਖ ਵਿੱਚ ਅਜਿਹੀ ਕੁਤਾਹੀ ਨਾ ਕਰਨ ਦੀ ਕੀਤੀ ਹਦਾਇਤ
ਕੋਟਕਪੂਰਾ, 15 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਅੱਜ ਸਿੰਚਾਈ ਵਿਭਾਗ ਦੇ ਜਿਲ੍ਹਾਦਾਰੀ ਸੈਕਸ਼ਨ ਜੰਡੋਕੇ ਫਰੀਦਕੋਟ (ਉਪ ਮੰਡਲ ਫਿਰੋਜਪੁਰ) ਦੇ ਦਫਤਰ ਵਿਖੇ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਦਫਤਰ ਦਾ ਸਟਾਫ ਗੈਰ ਹਾਜ਼ਰ ਪਾਇਆ ਗਿਆ ਤੇ ਸ. ਸੇਖੋਂ ਨੇ ਸਟਾਫ ਨੂੰ ਅਜਿਹੀ ਕੁਤਾਹੀ ਭਵਿੱਖ ਵਿੱਚ ਨਾ ਕਰਨ ਦੀ ਤਾੜਨਾ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਜਿਲ੍ਹਾਦਾਰੀ ਸੈਕਸ਼ਨ ਜੰਡੋਕੇ ਫਰੀਦਕੋਟ( ਉਪ ਮੰਡਲ ਫਿਰੋਜਪੁਰ) ਦੇ ਅਧਿਕਾਰੀ ਤੇ ਕਰਮਚਾਰੀ ਦਫਤਰੀ ਸਮੇਂ ਤੇ ਹਾਜ਼ਰ ਨਹੀਂ ਹੁੰਦੇ, ਜਿਸ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਖੁਦ ਦਫਤਰ ਵਿਖੇ ਚੈੱਕ ਕਰਨ ਗਏ ਤਾਂ ਦਫਤਰ ਦਾ ਅੱਧੇ ਤੋਂ ਵੱਧ ਸਟਾਫ ਆਪਣੀ ਸੀਟ ਤੇ ਮੌਜੂਦ ਨਹੀਂ ਸੀ। ਉਨ੍ਹਾਂ ਕਿਹਾ ਕਿ ਦਫਤਰ ਵਿੱਚ ਨਾ ਹੀ ਕੋਈ ਹਾਜ਼ਰੀ ਰਜਿਸਟਰ ਸੀ ਤੇ ਨਾਲ ਹੀ ਮੂਵਮੈਂਟ ਰਜਿਸਟਰ। ਉਨ੍ਹਾਂ ਕਿਹਾ ਕਿ ਦਫਤਰ ਨੂੰ ਦਰਸਾਉਂਦਾ ਕੋਈ ਸਾਈਨ ਬੋਰਡ ਵੀ ਨਹੀਂ ਲਗਾਇਆ ਗਿਆ ਸੀ। ਉਨ੍ਹਾਂ ਮੌਕੇ ਤੇ ਹੀ ਕਾਰਵਾਈ ਕਰਦਿਆਂ ਸਬੰਧਤ ਵਿਭਾਗ ਦੇ ਕੈਬਨਿਟ ਮੰਤਰੀ ਨੂੰ ਇਸ ਸਬੰਧੀ ਜਾਣੂ ਕਰਵਾਇਆ ਅਤੇ ਹਾਜ਼ਰ ਸਟਾਫ ਨੂੰ ਅੱਗੇ ਤੋਂ ਅਜਿਹੀ ਕੁਤਾਹੀ ਨਾ ਵਰਤਣ ਅਤੇ ਸਮੇਂ ਸਿਰ ਦਫਤਰ ਵਿੱਚ ਹਾਜ਼ਰ ਰਹਿਣ ਦੀ ਤਾੜਨਾ ਕੀਤੀ।