ਪੰਜਾਬ ਸਰਕਾਰ ਹਰ ਵੇਲੇ ਲੋਕਾਂ ਦੀ ਮੱਦਦ ਲਈ ਤਿਆਰ-ਬਰ-ਤਿਆਰ ਖੜ੍ਹੀ : ਸੇਖੋਂ
ਕੋਟਕਪੂਰਾ, 1 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਨੇ ਅੱਜ ਫਿਰੋਜ਼ਪੁਰ ਦੇ ਪਿੰਡਾਂ ਵਿੱਚ ਆਏ ਹੜ੍ਹ ਕਾਰਨ ਲੋਕਾਂ ਦੀ ਮੱਦਦ ਲਈ ਪੀਣ ਵਾਲੇ ਪਾਣੀ ਅਤੇ ਪਸ਼ੂਆਂ ਲਈ ਹਰੇ ਚਾਰੇ ਦੀਆਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਵਿਧਾਇਕ ਸੇਖੋਂ ਕਿਹਾ ਕਿ ਕੁਦਰਤੀ ਆਫਤ ਕਾਰਨ ਫਿਰੋਜ਼ਪੁਰ ਦੇ ਸਤਲੁਜ ਲਾਗਲੇ ਪਿੰਡਾਂ ਵਿੱਚ ਆਏ ਹੜ੍ਹ ਕਾਰਨ ਸਥਿੱਤੀ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ, ਜਿਸ ਕਰਕੇ ਉੱਥੇ ਲੋਕਾਂ ਦੀ ਮੱਦਦ ਲਈ ਅੱਜ ਪੀਣ ਵਾਲੇ ਪਾਣੀ ਅਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕਰਕੇ ਭੇਜਿਆ ਗਿਆ ਹੈ ਤਾਂ ਜੋ ਇਸ ਮੁਸ਼ਕਿਲ ਦੀ ਘੜੀ ਵਿੱਚ ਲੋਕਾਂ ਦੀ ਮੱਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅੱਗੇ ਵੀ ਹੋਰ ਜ਼ਰੂਰੀ ਵਸਤਾਂ ਜਿਵੇਂ ਕਿ ਸੁੱਕਾ ਰਾਸ਼ਨ, ਪਸ਼ੂਆ ਲਈ ਹੋਰ ਚਾਰੇ ਆਦਿ ਦੀਆਂ ਗੱਡੀਆਂ ਭੇਜਣ ਦਾ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵੇਲੇ ਸੂਬੇ ਦੇ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਵਲੰਟੀਅਰ ਖੁਦ ਪਾਣੀ ਵਿੱਚ ਜਾ ਕੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਫਰੀਦਕੋਟ ਤੋਂ ਜ਼ਿਲੇ ਦੇ ਹੜ ਪੀੜਤਾਂ ਦੀ ਮੱਦਦ ਲਈ ਵਲੰਟੀਅਰ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਾਰਿਆਂ ਨੂੰ ਆਪਸੀ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਅਮਰਜੀਤ ਸਿੰਘ ਪਰਮਾਰ, ਮਨਦੀਪ ਸਿੰਘ ਮਿੰਟੂ ਗਿੱਲ, ਜਗਜੀਤ ਸਿੰਘ ਸੁਪਰਡੈਂਟ ਆਦਿ ਵੀ ਹਾਜ਼ਰ ਸਨ।