ਲਾਇਨਜ਼ ਕਲੱਬ ਰਾਇਲ ਵਲੋਂ ਸਮਾਜਸੇਵੀ ਅਧਿਆਪਕ ਧਰਮਹਿੰਦਰ ਸਿੰਘ ਡੋਡ ਦਾ ਵਿਸ਼ੇਸ਼ ਸਨਮਾਨ
ਕੋਟਕਪੂਰਾ, 6 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨਜ ਕਲੱਬ ਕੋਟਕਪੂਰਾ ਰਾਇਲ ਵਲੋਂ ਗੋਦ ਲਏ ਗਏ ਸਰਕਾਰੀ ਹਾਈ ਸਕੂਲ ਸੁਰਗਾਪੁਰਾ ਕੋਟਕਪੂਰਾ ਵਿਖੇ ਅੱਜ ਵਿਸ਼ਵ ਅਧਿਆਪਕ ਦਿਵਸ ਮੌਕੇ ਕਲੱਬ ਦੇ ਪ੍ਰਧਾਨ ਸੰਜੀਵ ਕੁਮਾਰ ਅਹੂਜਾ (ਕਿੱਟੂ) ਦੀ ਅਗਵਾਈ ਹੇਠ ਸਮਾਜਸੇਵੀ ਅਧਿਆਪਕ ਧਰਮਹਿੰਦਰ ਸਿੰਘ ਡੋਡ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਤੋਂ ਇਲਾਵਾ ਸਨਮਾਨਿਤ ਅਧਿਆਪਕ ਦੀ ਧਰਮਪਤਨੀ ਸੁਰਿੰਦਰ ਕੌਰ ਵੀ ਹਾਜਰ ਸੀ। ਕਲੱਬ ਦੇ ਪੀ.ਆਰ.ਓ. ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਮੁਤਾਬਿਕ 31-3-1975 ਨੂੰ ਪਿੰਡ ਡੋਡ ਵਿਖੇ ਮਾਤਾ ਜਸਵੀਰ ਕੌਰ ਅਤੇ ਪਿਤਾ ਬਲਵੀਰ ਸਿੰਘ ਦੇ ਘਰ ਪੈਦਾ ਹੋਏ ਧਰਮਹਿੰਦਰ ਸਿੰਘ ਡੋਡ ਨੇ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਕਲਾਂ ਜਿਲਾ ਮਾਨਸਾ, ਅੱਠਵੀਂ ਸਰਕਾਰੀ ਮਿਡਲ ਸਕੂਲ ਡੋਡ ਤੋਂ ਬਾਅਦ ਉਚੇਰੀ ਸਿੱਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਪ੍ਰਾਪਤ ਕੀਤੀ। ਸਰਕਾਰੀ ਨੌਕਰੀ ਦੌਰਾਨ ਉਹਨਾਂ ਨੇ ਵੱਖ-ਵੱਖ ਸਕੂਲਾਂ ਵਿੱਚ ਮਨੁੱਖਤਾ ਦੀ ਭਲਾਈ ਵਾਲੇ ਅਨੇਕਾਂ ਸੇਵਾ ਕਾਰਜ ਕੀਤੇ। ਉਹਨਾ ਦੱਸਿਆ ਕਿ ਧਰਮਹਿੰਦਰ ਸਿੰਘ ਡੋਡ ਨੇ ਬੱਚਿਆਂ ਨੂੰ ਵਿਦਿਅਕ ਖੇਤਰ ਦੇ ਨਾਲ ਨਾਲ ਧਾਰਮਿਕ ਸੱਭਿਆਚਾਰਕ, ਵਾਤਾਵਰਣ ਅਤੇ ਖੇਡਾਂ ਦੇ ਖੇਤਰ ਵਿੱਚ ਰੁਚੀ ਲੈਣ ਉਤਸ਼ਾਹਿਤ ਕੀਤਾ। ਕਲੱਬ ਦੇ ਅਹੁਦੇਦਾਰਾਂ ਭੁਪਿੰਦਰ ਸਿੰਘ, ਮਨਜੀਤ ਸਿੰਘ ਲਵਲੀ, ਨਛੱਤਰ ਸਿੰਘ, ਸੁਰਜੀਤ ਸਿੰਘ ਘੁਲਿਆਣੀ ਸਮੇਤ ਟਿੰਕੂ ਕੁਮਾਰ ਕੋਟਕਪੂਰਾ ਆਦਿ ਨੇ ਦੱਸਿਆ ਕਿ ਧਰਮਹਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਂਈ ਕਲਾਂ ਵਿਖੇ ਬਤੌਰ ਮੁੱਖ ਅਧਿਆਪਕ ਸੇਵਾਵਾਂ ਨਿਭਾਅ ਰਹੇ ਹਨ। ਸਕੂਲ ਦੇ ਅਧਿਆਪਕ/ਅਧਿਆਪਕਾਵਾਂ ਵਿੱਚ ਸ਼ਾਮਲ ਰਵਿੰਦਰ ਸਿੰਘ, ਸੁਨੀਤਾ, ਸ਼ਿਖਾ, ਹਰਪ੍ਰੀਤ ਕੌਰ, ਰਮਨਦੀਪ ਕੌਰ ਆਦਿ ਨੇ ਧਰਮਹਿੰਦਰ ਸਿੰਘ ਅਤੇ ਸੁਰਿੰਦਰ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਧਰਮਹਿੰਦਰ ਸਿੰਘ ਨੇ ਕਲੱਬ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਜਿਹੇ ਸਨਮਾਨ ਮਿਲਣ ਨਾਲ ਸਾਡੀ ਜਿੰਮੇਵਾਰੀ ਵਿੱਚ ਹੋਰ ਵਾਧਾ ਹੋ ਜਾਂਦਾ ਹੈ।