ਡਾ. ਵਰਿਆਮ ਸਿੰਘ ਸੰਧੂ ਨੇ ਪ੍ਰਧਾਨਗੀ ਕਰਦਿਆਂ ਮਾਂ ਬੋਲੀ ਵਿਕਾਸ ਆਪੋ ਆਪਣੇ ਘਰੋਂ ਸ਼ੁਰੂ ਕਰਨ ਦਾ ਪ੍ਰਣ ਕਰਵਾਇਆ
ਟੋਰਾਂਟੋ: 23 ਜੂਨ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਸਾਂਝ ਨੂੰ ਹੋਰ ਮਜ਼ਬੂਤ ਕਰਨ, ਨਿਖਾਰਨ ਅਤੇ ਤਰਾਸ਼ਣ ਦੇ ਮਨੋਰਥ ਨਾਲ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਡਾ. ਦਲਬੀਰ ਸਿੰਘ ਕਥੂਰੀਆ ਕੈਨੇਡਾ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਅਗਵਾਈ ਹੇਠ ਛੇਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕੈਨੇਡਾ ਦੇ ਸ਼ਹਿਰ ਬਰੈਂਪਟਨ (ਟੋਰੰਟੋ) ਦੇ ਵਿਸ਼ਵ ਪੰਜਾਬੀ ਭਵਨ ਵਿਖੇ ਅੱਜ ਬੜੇ ਉਤਸ਼ਾਹ ਨਾਲ ਸ਼ੁਰੂ ਹੋ ਗਈ ਹੈ। ਕਾਨਫਰੰਸ ਦਾ ਆਰੰਭ ਸਿੱਖ ਰਹੁ-ਰੀਤਾਂ ਨਾਲ ਸ੍ਰ. ਸੁਬੇਗ ਸਿੰਘ ਕਥੂਰੀਆ ਵੱਲੋਂ ਰਸਭਿੰਨੇ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਉਪਰੰਤ ਸ੍ਰੀ ਰਿੰਟੂ ਭਾਟੀਆ ਵੱਲੋਂ ਸ਼ਬਦ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਉਪਰੰਤ ਡਾ. ਦਲਬੀਰ ਸਿੰਘ ਕਥੂਰੀਆ, ਸ਼੍ਰੋਮਣੀ ਪੰਜਾਬੀ ਲੇਖਕ ਡਾ.ਵਰਿਆਮ ਸਿੰਘ ਸੰਧੂ, ਪੰਜਾਬ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ. ਜਸਪਾਲ ਕੌਰ ਕਾਂਗ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਚਾਂਸਲਰ ਡਾ. ਗੁਰਲਾਭ ਸਿੰਘ, ਡਾ. ਪਰਗਟ ਸਿੰਘ ਬੱਗਾ, ਸ੍ਰ. ਇੰਦਰਜੀਤ ਸਿੰਘ ਬੱਲ, ਡਾ. ਬਲਵਿੰਦਰ ਸਿੰਘ ਧਾਲੀਵਾਲ, ਢਾ. ਅਮਰਜੀਤ ਕੋਂਕੇ, ਰੂਪ ਕਾਹਲੋਂ ਅਤੇ ਉਚੇਚੇ ਤੌਰ ਤੇ ਪਹੁੰਚੇ ਚੜ੍ਹਦੀਕਲਾ ਟਾਈਮ ਟੀਵੀ ਦਿੱਲੀ ਦ ਡਾਇਰੈਕਟਰ ਸ੍ਰ. ਅੰਮ੍ਰਿਤਪਾਲ ਸਿੰਘ
ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਸਮਾਰੋਹ ਦਾ ਉਦਘਾਟਨ ਕੀਤਾ ਗਿਆ।
ਸਮਾਰੋਹ ਦਾ ਸਵਾਗਤੀ ਭਾਸ਼ਨ ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਸ੍ਰ. ਇੰਦਰਜੀਤ ਸਿੰਘ ਬੱਲ ਵੱਲੋਂ ਪੜ੍ਹਿਆ ਗਿਆ। ਇਸ ਉਪਰੰਤ ਗੁਰਲਾਭ ਸਿੰਘ ਵੱਲੋਂ ਉਦਘਾਟਨੀ ਸ਼ਬਦ ਬੋਲੇ ਗਏ। ਕੁੰਜੀਵਤ ਭਾਸ਼ਣ ਡਾ. ਜਸਪਾਲ ਕੌਰ ਕਾਂਗ ਵੱਲੋਂ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਗੁਰੂ ਆਸ਼ੇ ਅਨੁਸਾਰੀ ਸਮਾਜ ਸਿਰਜਣ ਦੀ ਲੋੜ ਤੇ ਜ਼ੋਰ ਦਿੱਤਾ।
ਪ੍ਰਧਾਨਗੀ ਭਾਸ਼ਨ ਦੇਂਦਿਆਂ ਸ਼੍ਰੋਮਣੀ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਵੱਲੋਂ ਇਹ ਕਾਨਫਰੰਸ ਕਰਕੇ ਪੂਰੇ ਵਿਸ਼ਵ ਨੂੰ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਸੁਚੇਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਫ਼ਰ ਸਾਨੂੰ ਆਪੋ ਆਪਣੇ ਘਰੋਂ ਸ਼ੁਰੂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਵਿਸਾਰਨ ਕਰਕੇ ਹੀ ਅਸੀਂ ਬਹੁਤੇ ਕਸ਼ਟ ਸਹਾਰ ਰਹੇ ਹਾਂ।
ਅੰਤ ਵਿੱਚ ਡਾ. ਪ੍ਰਗਟ ਸਿੰਘ ਬੱਗਾ ਵੱਲੋਂ ਧੰਨਵਾਦ ਦੇ ਸ਼ਬਦ ਕਹੇ।
ਪ੍ਰ੍ਰੋ. ਜਗੀਰ ਸਿੰਘ ਕਾਹਲੋਂ, ਡਾ. ਗੁਰਪ੍ਰੀਤ ਕੌਰ ਅਤੇ ਡਾ. ਅਮਰਦੀਪ ਬਿੰਦਰਾ ਵੱਲੋਂ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਕਾਨਫਰੰਸ ਵਿੱਚ ਉੁੱਘੇ ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਸਾਬਕਾ ਵਿਧਾਇਕ ਤੇ ਪ੍ਰਸਿੱਧ ਪੱਤਰਕਾਰ ਕੰਵਰ ਸੰਧੂ, ਬਿੱਟੂ ਸੰਧੂ,ਜਸਵਿੰਦਰ ਸਿੰਘ ਰੁਪਾਲ,ਪੂਰਨ ਸਿੰਘ ਪਾਂਧੀ, ਰਜਵੰਤ ਕੌਰ ਸੰਧੂ, ਡਾ. ਜਾਗੀਰ ਸਿੰਘ ਨੂਰ, ਸੁਰਿੰਦਰ ਪ੍ਰੀਤ ਘਣੀਆ, ਕੰਵਲਜੀਤ ਸਿੰਘ ਲੱਕੀ,ਦਲਬੀਰ ਸਿੰਘ ਰਿਆੜ, ਪਾਕਿਸਤਾਨੀ ਲੇਖਕਾਂ ਤਾਹਿਰਾ ਸਰਾ, ਲੋਕ ਗਾਇਕ ਹਸਨੈਨ ਅਕਬਰ, ਕਵਿੱਤਰੀ ਸੁਰਜੀਤ ਕੌਰ, ਪ੍ਰੋ. ਕੁਲਜੀਤ ਕੌਰ,ਡਾ. ਨਵਜੋਤ ਕੌਰ ਤੇ ਕਈ ਹੋਰ ਲੇਖਕ ਹਾਜ਼ਰ ਸਨ।
ਇੱਥੇ ਦੱਸਣਯੋਗ ਹੈ ਕਿ ਕਾਨਫਰੰਸ ਦਾ ਸਮਾਪਤੀ ਸਮਾਰੋਹ 22 ਜੂਨ ਨੂੰ ਹੋਵੇਗਾ। ਇਸ ਸਬੰਧੀ ਡਾ. ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਪੰਜਾਬੀ ਸਿਰਫ ਇੱਕ ਭਾਸ਼ਾ ਹੀ ਨਹੀਂ ਬਲਕਿ ਇਹ ਮੁਹੱਬਤ, ਭਾਈਚਾਰਕ ਸਾਂਝ ਅਤੇ ਦੁਨੀਆਂ ਨੂੰ ਰਿਸ਼ਤਿਆਂ ਨਾਲ ਜੋੜ ਕੇ ਰੱਖਣ ਵਾਲੀ ਭਾਸ਼ਾ ਹੈ। ਇਸ ਦੀਆਂ ਜੜ੍ਹਾਂ ਵਿੱਚ, ਇਸ ਦੀਆਂ ਰਗਾਂ ਵਿੱਚ, ਇਸਦੇ ਸੀਨੇ ਵਿੱਚ, ਇਸ ਦੀ ਧੜਕਣ ਵਿੱਚ ਰੂਹਾਨੀਅਤ ਦੇ ਬੀਜ ਹਨ ਅਤੇ ਅੱਜ ਜਦੋਂ ਦੁਨੀਆਂ ਦੇ ਬਹੁਤ ਸਾਰੇ ਮੁਲਕ ਆਪਸੀ ਖਿਚੋਤਾਣ ਵਿੱਚ ਅਤੇ ਆਪਣੀ ਚੌਧਰ ਕਾਇਮ ਰੱਖਣ ਲਈ ਸੰਘਰਸ਼ ਕਰ ਰਹੇ ਹਨ,ਇਸ ਸਮੇਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਭੂਮਿਕਾ ਅਤੇ ਯੋਗਦਾਨ ਹੋਰ ਵੀ ਵੱਧ ਜਾਂਦਾ ਹੈ।