ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਯੂਨੀਵਰਸਿਟੀ ਦੀ ਚੰਡੀਗੜ੍ਹ ਦੀ ਸੈਨਟ ਭੰਗ ਕਰਨ ਅਤੇ ਕੇਂਦਰੀਕਰਨ ਖਿਲਾਫ਼ ਯੂਨੀਵਰਸਿਟੀ ਅੰਦਰ ਕਈ ਦਿਨ ਤੋਂ ਪ੍ਰਦਰਸ਼ਨ ਚਲ ਰਿਹਾ ਹੈ, ਜਿਸ ਕਰਕੇ ਕੇਂਦਰ ਨੇ ਸੈਨਟ ਭੰਗ ਕਰਨ ਦਾ ਫ਼ੈਸਲਾ ਵਾਪਿਸ ਲੈ ਲਿਆ ਹੈ। ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਅੱਜ ਪੰਜਾਬ ਭਰ ਦੀਆਂ ਜੱਥੇਬੰਦੀਆਂ ਨੂੰ ਪ੍ਰਦਰਸ਼ਨ ਲਈ ਸੱਦਾ ਦਿੱਤਾ ਗਿਆ ਸੀ। ਇੱਸੇ ਸੱਦੇ ਨੂੰ ਲਾਗੂ ਕਰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਅਤੇ ਬ੍ਰਿਜਿੰਦਰਾ ਕਾਲਜ ਦੇ ਗੇਟ ਅੱਗੇ ਚੇਤਾਵਨੀ ਰੈਲੀ ਕੀਤੀ ਗਈ। ਜਿਸ ਦਾ ਸਮਰਥਨ ਸੰਯੁਕਤ ਕਿਸਾਨ ਮੋਰਚਾ, ਗੈਸਟ ਫੈਕੇਲਿਟੀ ਪ੍ਰੋਫੈਸਰ ਯੂਨੀਅਨ, ਪੰਜਾਬ ਰੋਡਵੇਜ/ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਅਤੇ ਮਿਊਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਨੇ ਕੀਤਾ। ਧਰਨੇ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਹਰਵੀਰ ਕੌਰ ਗੰਧੜ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਸ਼ਮਸ਼ੇਰ ਸਿੰਘ, ਰਾਜਬੀਰ ਸਿੰਘ ਗਿੱਲ, ਮੱਖਣ ਸਿੰਘ, ਸ਼ਮਸ਼ੇਰ ਸਿੰਘ, ਸੁਖਦੀਪ ਸਿੰਘ ਘੁਗਿਆਣਾ ਅਤੇ ਪਰਮਜੀਤ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਮੋਦੀ ਦੀ ਫਾਸ਼ੀਵਾਦੀ ਸਰਕਾਰ ਦੀ ਕੇਂਦਰੀਕਰਨ ਦੀ ਨੀਤੀ ਤਹਿਤ ਪੰਜਾਬ ਯੂਨੀਵਰਸਿਟੀ ਖੋਹਣ ਦੀ ਕੋਸ਼ਿਸ ਦੀ ਨਿੰਦਾ ਕੀਤੀ। ਜਿਸ ਨੀਤੀ ਤਹਿਤ ਪੰਜਾਬ ਦੀ ਇਤਿਹਾਸਿਕ ਯੂਨੀਵਰਸਿਟੀ ਪੰਜਾਬ ਤੋਂ ਖੋਹਣ ਦੀ ਕੋਸ਼ਿਸ ਕੀਤੀ ਗਈ। ਮੋਦੀ ਸਰਕਾਰ ਲਗਾਤਾਰ ਸਿੱਖਿਆ ਸੰਸਥਾਵਾਂ ਅੰਦਰ ਆਪਣੇ ਏਜੰਡੇ ਲਾਗੂ ਕਰਨ ਦੀ ਕੋਸ਼ਿਸ ਕਰ ਰਹੀ ਹੈ, ਜੋ ਲੋਕ ਵਿਰੋਧੀ ਅਤੇ ਵਿਗਿਆਨ ਵਿਰੋਧੀ ਹਨ। ਬੁਲਾਰਿਆਂ ਨੇ ਕਿਹਾ ਪੰਜਾਬ ਦੇ ਸਿੱਖਿਆ ਦੇ ਅਧਿਕਾਰ ਨੂੰ ਕੁਚਲਦੀ ਨਵੀਂ ਸਿੱਖਿਆ ਨੀਤੀ ਨੂੰ ਰੱਦ ਹੋਣੀ ਚਾਹੀਦੀ ਹੈ। ਗੈਸਟ ਫੈਕਲਟੀ ਪ੍ਰੋਫ਼ੈਸਰ ਯੂਨੀਅਨ ਦੇ ਆਗੂ ਅਰਮਿੰਦਰ ਸਿੰਘ ਅਤੇ ਪੰਜਾਬ ਰੋਡਵੇਜ ਕੰਟਰੈਕਟ ਵਰਕਰਜ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਅਤੇ ਕਾਮਰੇਡ ਕੁਲਦੀਪ ਨੇ ਕਿਹਾ ਸਾਰੇ ਪੰਜਾਬੀਆਂ ਨੂੰ ਸਾਰੇ ਸੰਘਰਸ਼ ਇਕੱਠੇ ਹੋ ਕੇ ਲੜਨੇ ਚਾਹੀਦੇ ਹਨ। ਕੇਂਦਰ ਦੀ ਹਰ ਲੋਕ ਵਿਰੋਧੀ ਨੀਤੀ ਨੂੰ ਲੋਕ ਸੰਘਰਸ਼ਾਂ ਰਾਹੀਂ ਹੀ ਠੱਲ ਪਾਈ ਜਾ ਸਕਦੀ ਹੈ। ਪੰਜਾਬ ਸਰਕਾਰ ਨੇ ਵੀ ਆਪਣੀ ਜ਼ਿੰਮੇਵਾਰੀ ਸਹੀ ਤਰਾਂ ਨਹੀਂ ਨਿਭਾਈ। ਉਹਨਾਂ ਕਿਹਾ ਕਿ ਪਜੰਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਰੋਕਾਂ ਦੇ ਬਾਵਜੂਦ ਅੱਜ ਚੰਡੀਗੜ੍ਹ ਹਜ਼ਾਰਾਂ ਲੋਕ ਗਏ ਹਨ। ਉਹਨਾਂ ਚੇਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਫਿਰ ਤੋਂ ਕੇਂਦਰ ਪੰਜਾਬ ਯੂਨੀਵਰਸਿਟੀ ਖਿਲਾਫ਼ ਕੋਈ ਵੀ ਨਾਦਰਸ਼ਾਹੀ ਫੁਰਮਾਨ ਜਾਰੀ ਕਰਦੀ ਹੈ ਤਾਂ ਪੰਜਾਬ ਭਰ ਦੇ ਲੋਕ ਤਿੱਖਾ ਸੰਘਰਸ਼ ਕਰਨਗੇ। ਇਸ ਮੌਕੇ ਪੀ.ਐੱਸ.ਯੂ. ਦੇ ਜ਼ਿਲਾ ਆਗੂ ਜਸਨੀਤ ਸਿੰਘ, ਸੁਖਬੀਰ ਸਿੰਘ, ਅਭਿਨਵ ਸੋਢੀ ਅਤੇ ਗੁਰਜਸਪਾਲ ਸਿੰਘ ਅਤੇ ਕੁਲਵਿੰਦਰਪਾਲ ਨੇ ਵੀ ਸੰਬੋਧਨ ਕੀਤਾ।
