ਲੁਧਿਆਣਾ 7 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਸਟਾਕਟਨ(ਅਮਰੀਕਾ) ਵੱਸਦੀ ਪੰਜਾਬੀ ਲੇਖਿਕਾ ਹਰਪ੍ਰੀਤ ਕੋਰ ਧੂਤ ਦਾ ਕਹਾਣੀ ਸੰਗ੍ਹਹਿ “ਖ਼ਤਰਾ ਤਾਂ ਹੈ” ਲੋਕ ਅਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਹਰਪ੍ਰੀਤ ਇੱਕੋ ਵੇਲੇ ਇੱਕੋ ਜਿੰਨੀ ਮੁਹਾਰਤ ਨਾਲ ਕਵਿਤਾ ਤੇ ਕਹਾਣੀ ਲਿਖਦੀ ਹੈ ਪਰ ਉਸ ਦੀ ਇਹ ਕਹਾਣੀ ਪੁਸਤਕ ਉਸ ਨੂੰ ਪਹਿਲੇ ਕਹਾਣੀ ਸੰਗ੍ਰਹਿ “ਸੂਰਜ ਹਾਰ ਗਿਆ ਹੈ” ਤੋਂ ਵਧੇਰੇ ਪੱਕਾ ਪਕੇਰਾ ਸਥਾਨ ਦਿਵਾਏਗੀ। ਉਨ੍ਹਾਂ ਕਿਹਾ ਕਿ ਉਸ ਦੀ ਸ਼ਾਇਰੀ ਤੇ ਕਹਾਣੀ ਦਾ ਮੂੰਹ ਮੁਹਾਂਦਰਾ ਲੋਕ ਮੁਖੀ ਭਾਵਨਾ ਵਾਲਾ ਹੋਣ ਕਰਕੇ ਉਸ ਦੀ ਵਿਸ਼ਲੇਸ਼ਣੀ ਨੀਝ ਲਗਾਤਾਰ ਤੇਜ਼ ਹੋ ਰਹੀ ਹੈ। ਉਨਾਂ ਕਿਹਾ ਕਿ ਉਹ ਡਾ. ਵਰਿਆਮ ਸਿੰਘ ਸੰਧੂ ਵਾਂਗ ਲੰਮੀ ਕਹਾਣੀ ਦੀ ਸਿਰਜਕ ਹੈ। ਇਸ 220 ਪੰਨਿਆਂ ਦੀ ਪੁਸਤਕ ਵਿੱਚ ਕੁੱਲ ਛੇ ਕਹਾਣੀਆਂ ਹਨ ਪਰ ਬਹੁਤੀਆਂ ਕਹਾਣੀਆਂ ਕਦੇ ਕਿਸੇ ਮੈਗਜ਼ੀਨ ਜਾਂ ਸੰਚਾਰ ਮਾਧਿਅਮ ਵਿੱਚ ਕਦੇ ਨਹੀਂ ਛਪੀਆਂ ਕਿਉਂਕਿ ਹਰਪ੍ਰੀਤ ਕੌਰ ਧੂਤ ਬੇਪ੍ਰਵਾਹ ਸਾਹਿੱਤ ਸਾਧਕ ਹੈ ਜੋ ਬਿਨ ਮੰਗੇ ਰਚਨਾ ਨਹੀਂ ਭੇਜਦੀ।
ਇਸ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ , ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਪੁਸਤਕ ਦੀ ਕਾਪੀ ਅੱਜ ਪੰਜਾਬੀ ਲੇਖਕ ਤੇ ਪੁਸਤਕ ਦੇ ਪ੍ਰਕਾਸ਼ਕ ਸਤੀਸ਼ ਗੁਲਾਟੀ ਨੇ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਭੇਂਟ ਕੀਤੀ। ਇਸ ਪੁਸਤਕ ਦਾ ਮੁੱਖ ਬੰਦ ਲਿਖਦਿਆਂ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਹੈ ਕਿ
ਹਰਪ੍ਰੀਤ ਆਪਣੇ ਅੰਦਰ ਦੱਬੀਆਂ ਪਰਤਾਂ ਅਤੇ ਦੂਜੇ ਇਨਸਾਨਾਂ ਦੇ ਅੰਦਰ ਬਾਹਰ ਪਈਆਂ ਪਰਤਾਂ ਨੂੰ ਪੜ੍ਹਨ ਤੇ ਫਰੋਲਣ ਦੇ ਮਕਸਦ ਨਾਲ
ਕਹਾਣੀ ਲਿਖਣ ਦਾ ਵਾਅਦਾ ਕਰਦੀ ਹੈ ਤੇ ਇਸ ਵਾਅਦੇ ਨੂੰ ਨਿਭਾਉਣ ਦਾ ਚਾਰਾ ਵੀ ਕਰਦੀ ਹੈ। ਆਪਣੇ ਜਾਂ ਕਿਸੇ ਦੇ ਮਨ ਦੀਆਂ ਪਰਤਾਂ ਨੂੰ ਫਰੋਲ ਤੇ ਜਾਨਣ ਸਮਝਣ ਲਈ ਡੂੰਘੀ ਸਮਾਜਿਕ-ਮਨੋਵਿਗਿਆਨਕ ਅੰਤਰ-ਦ੍ਰਿਸ਼ਟੀ ਦੀ ਲੋੜ ਹੁੰਦੀ ਹੈ। ਹਰਪ੍ਰੀਤ ਕੋਲ ਜੀਵਨ ਤੇ ਵਰਤਾਰਿਆਂ ਨੂੰ ਸਮਝਣ ਵਾਲੀ ਦੂਰ-ਦ੍ਰਿਸ਼ਟੀ ਵੀ ਹੈ ਤੇ ਖ਼ੁਰਦਬੀਨੀ ਨਜ਼ਰ ਵੀ। ਬੰਦੇ ਦੇ ਅੰਦਰ-ਬਾਹਰ ਦੀਆਂ ਗੁੰਝਲਾਂ ਨੂੰ ਖੋਲ੍ਹਣ-ਫਰੋਲਣ ਦਾ ਯਤਨ ਉਹਨੇ ਆਪਣੇ ਪਹਿਲੇ ਕਹਾਣੀ ਸੰਗ੍ਰਹਿ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ ਜਿਸ ਦੀ ਇੱਕ ਖੂਬਸੂਰਤ ਉਦਾਰਹਣ ‘ਸੂਰਜ ਹਾਰ ਗਿਆ ਹੈ’ ਦੀ ਕਹਾਣੀ ‘ਸ਼ੀਸ਼ਾ ਅਜੇ ਅਧੂਰਾ ਹੈ’ ਵਿੱਚੋਂ ਵੇਖੀ ਜਾ ਸਕਦੀ ਹੈ। ‘ਸ਼ੀਸ਼ਾ ਅਜੇ ਅਧੂਰਾ ਹੈ’ ਕਹਾਣੀ ਫੈਂਟਸੀ ਜੁਗਤ ਵਿੱਚ ਲਿਖੀ ਕਹਾਣੀ ਹੈ, ਜਿਸ ਵਿੱਚ ਵੱਖ ਵੱਖ ਕਿਰਦਾਰ ਸ਼ੀਸ਼ੇ ਵਿੱਚ ਦਿਖਾਈ ਦਿੰਦੇ ਹਨ।

