ਸਰੀ, 11 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਸਨਸੈੱਟ ਇੰਡੋ ਕੈਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਵੱਲੋਂ ਬੀਤੇ ਦਿਨੀਂ ਬੀਸੀ ਦੀ ਰਾਜਧਾਨੀ ਵਿਕਟੋਰੀਆ ਦਾ ਯਾਦਗਾਰੀ ਟੂਰ ਲਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਗੁਰਬਖਸ਼ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਸੁਸਾਇਟੀ ਦੇ 30 ਮੈਂਬਰ ਫੈਰੀ ਦੇ ਸਮੁੰਦਰੀ ਸਫਰ ‘ਤੇ ਰਵਾਨਾ ਹੋਏ ਅਤੇ ਫੈਰੀ ਦੇ ਸਫਰ ਦੌਰਾਨ ਸਮੁੰਦਰ ਤੇ ਆਸ ਪਾਸ ਦੀਆਂ ਖੂਬਸੂਰਤ ਪਹਾੜੀਆਂ ਦਾ ਆਨੰਦ ਮਾਣਦੇ ਹੋਏ ਵਿਕਟੋਰੀਆ ਪਹੁੰਚੇ।
ਵਿਕਟੋਰੀਆ ਪਹੁੰਚ ਕੇ ਬੀਸੀ ਪਾਰਲੀਮੈਂਟ ਦੀ ਖੂਬਸੂਰਤ ਇਮਾਰਤ ਵਿੱਚ ਸਾਂਭੀਆਂ ਇਤਿਹਾਸਕ ਯਾਦਗਾਰਾਂ ਅਤੇ ਯਾਦਾਂ ਨੂੰ ਸਮੂਹ ਮੈਂਬਰਾਂ ਨੇ ਬਹੁਤ ਹੀ ਉਤਸਕਤਾ ਨਾਲ ਵਾਚਿਆ। ਬੀਸੀ ਪਾਰਲੀਮੈਂਟ ਵਿੱਚ ਗਾਈਡ ਨੇ ‘ਹਾਲ ਆਫ ਔਨਰਜ਼, ਡਾਇਮੰਡ ਜੁਬਲੀ ਵਿੰਡੋ (ਜੋ 1897 ਵਿੱਚ ਵਿਕਟੋਰੀਆ ਦੇ ਰਾਜ ਦੇ 60ਵੇਂ ਸਾਲ ਵਿੱਚ ਬਣਾਈ ਗਈ ਸੀ) ਅਤੇ ਗੋਲਡਨ ਜੁਬਲੀ ਵਿੰਡੋ (ਜੋ 2002 ਵਿੱਚ ਮਹਾਰਾਣੀ ਐਲਜਾਬੈਥ ਦੂਜੀ ਦੇ ਰਾਜ ਦੇ 50ਵੇਂ ਸਾਲ ਦੀ ਯਾਦ ਵਿੱਚ ਬਣਾਈ ਗਈ ਸੀ) ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਇਲਾਵਾ ਯਾਦਗਾਰੀ ਗੁੰਬਦ ਕੇਂਦਰੀ ਹਾਲ ਦੇ ਕਮਰੇ ਵਿੱਚ ਤਾਂਬੇ ਨਾਲ ਬਣਿਆ ਕੈਪਟਨ ਜੌਰਜ ਵੈਨਕੂਵਰ ਦਾ ਦੋ ਮੀਟਰ ਦਾ ਬੁੱਤ ਅਤੇ ਪਾਰਲੀਮੈਂਟ ਦੇ ਹੋਰ ਇਤਿਹਾਸਕ ਦਸਤਾਵੇਜ਼ਾਂ ਦੇ ਦਰਸ਼ਨ ਕੀਤੇ।
ਅਸੈਂਬਲੀ ਵਿਚ ਇਤਿਹਾਸਕ ਦਸਤਾਵੇਜ਼ ਦੇਖਣ ਉਪਰੰਤ ਇਹ ਮੈਂਬਰ ਆਪਣੀ ਵੈਨਕੂਵਰ ਵਾਪਸੀ ਲਈ ਰਵਾਨਾ ਹੋਏ ਅਤੇ ਵਾਪਸੀ ਦੌਰਾਨ ਫੈਰੀ ਰਾਹੀਂ ਸਮੁੰਦਰ ਦੇ ਪਾਣੀ ਦੀਆਂ ਲਹਿਰਾਂ ਦਾ ਮਾਣਦੇ ਹੋਏ ਆਪੋ ਆਪਣੀ ਘਰੀਂ ਪਹੁੰਚੇ। ਇਸ ਟੂਰ ਲਈ ਜਰਨੈਲ ਸਿੰਘ ਸਹੋਤਾ ਅਤੇ ਦਿਨੇਸ਼ ਕੁਮਾਰ ਮਲਹੋਤਰਾ ਦਾ ਵਿਸ਼ੇਸ਼ ਯੋਗਦਾਨ ਰਿਹਾ।