ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ : ਸਪੀਕਰ ਸੰਧਵਾਂ
ਕੋਟਕਪੁਰਾ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰੋਟਰੀ ਕਲੱਬ ਫਰੀਦਕੋਟ ਵੱਲੋਂ ਲੋੜਵੰਦ ਦਿਵਿਆਂਗਾਂ ਦੀ ਮੱਦਦ ਲਈ ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਆਯੋਜਿਤ ਕੀਤੇ ਵਿਕਲਾਂਗ ਵੀਅਲ ਚੇਅਰ ਵੰਡ ਸਮਾਗਮ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ਅਤੇ ਉਨ੍ਹਾਂ ਲੋੜਵੰਦਾਂ ਨੂੰ ਪੰਜ ਵੀਅਲ ਚੇਅਰਾਂ ਭੇਂਟ ਕੀਤੀਆਂ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸੰਧਵਾਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਸਾਨੂੰ ਹਮੇਸ਼ਾਂ ਹੀ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਵੱਲੋਂ ਲੋੜਵੰਦ ਲੋਕਾਂ ਦੀ ਹਰ ਸੰਭਵ ਮੱਦਦ ਕੀਤੀ ਜਾਂਦੀ ਹੈ, ਜੋ ਕਿ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਤੇ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਨੂੰ ਸਮਾਜ ਵਿੱਚ ਬਰਾਬਰਤਾ ਦਵਾਈਏ। ਉਨ੍ਹਾਂ ਅੱਗੇ ਕਿਹਾ ਕਿ ਰੋਟਰੀ ਕਲੱਬ ਵੱਲੋਂ ਜਿੱਥੇ ਲੋਕਾਂ ਨੂੰ ਹਰ ਲੋੜੀਂਦੀ ਸਹੂਲਤ ਦਿੱਤੀ ਜਾ ਰਹੀ ਹੈ, ਉੱਥੇ ਹੀ ਕੱਲ੍ਹ ਪਿੰਡ ਵਾਂਦਰ ਜਟਾਣਾ ਵਿਖੇ ਕਲੱਬ ਵੱਲੋਂ ਮੁਫਤ ਸਿਹਤ ਜਾਂਚ ਕੈਂਪ ਵਿੱਚ ਮੁਫਤ ਟੈਸਟ ਕਰਵਾਏ ਜਾਣਗੇ, ਜਿਸ ਵਿੱਚ ਸਾਰੇ ਲੋੜੀਂਦੇ ਟੈਸਟਾਂ ਦੇ ਨਾਲ ਨਾਲ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਵੀ ਟੈਸਟ ਹੋਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਤੋਂ ਕੈਂਸਰ ਦਾ ਟੈਸਟ ਵੀ ਕਰਵਾਉਣ ਤਾਂ ਜੋ ਜੇਕਰ ਕਿਸੇ ਨੂੰ ਇਹ ਨਾ-ਮੁਰਾਦ ਬਿਮਾਰੀ ਹੈ, ਤਾਂ ਉਸ ਦਾ ਸਮੇਂ ਸਿਰ ਇਲਾਜ ਹੋ ਸਕੇ। ਉਨ੍ਹਾਂ ਕਿਹਾ ਕਿ ਕੈਂਸਰ ਦਾ ਇਲਾਜ ਹੈ, ਜੇਕਰ ਇਸ ਦਾ ਸਮੇਂ ਸਿਰ ਪਤਾ ਲੱਗ ਜਾਵੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ, ਡਾ. ਹਰਿੰਦਰ ਸਿੰਘ ਗਾਂਧੀ ਐਸ.ਐਮ.ਓ, ਮਨਪ੍ਰੀਤ ਸਿੰਘ ਬਰਾੜ ਪ੍ਰਧਾਨ ਰੋਟਰੀ ਕਲੱਬ, ਸੁਨੀਲ ਸਿੰਗਲਾ ਫਾਰਮਸਿਸਟ, ਸਤਵੰਤ ਕੌਰ, ਅਮਨਦੀਪ ਸਿੰਘ ਸੰਧੂ ਪੀ.ਏ.-ਟੂ-ਸਪੀਕਰ ਤੋਂ ਇਲਾਵਾ ਰੋਟਰੀ ਕੱਲਬ ਦੇ ਮੈਂਬਰਾਂ ਸਮੇਤ ਹੋਰ ਨੁਮਾਇੰਦੇ ਵੀ ਹਾਜ਼ਰ ਸਨ।
