ਕੋਟਕਪੂਰਾ, 10 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਦੇ ਲਾਜਪਤ ਨਗਰ ਵਿਖੇ ਸਥਿੱਤ ਅਗਰਵਾਲ ਭਵਨ ਆਯੋਜਿਤ ਖੂਨਦਾਨ ਕੈਂਪ ਵਿੱਚ ਸ਼ਿਰਕਤ ਕੀਤੀ। ਇਹ ਖੂਨਦਾਨ ਕੈਂਪ ਲਾਲਾ ਜਗਤ ਨਰਾਇਣ ਜੀ ਦੀ 44ਵੀਂ ਬਰਸੀ ਦੇ ਸਮਰਪਣ ਵਜੋਂ ਲਾਇਆ ਗਿਆ ਸੀ। ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਲਾਲਾ ਜਗਤ ਨਰਾਇਣ ਜੀ ਦਾ ਜੀਵਨ ਲੋਕਤੰਤਰਿਕ ਮੁੱਲਾਂ ਦੀ ਰੱਖਿਆ ਅਤੇ ਸਮਾਜ ਨੂੰ ਸੱਚਾਈ, ਹਿੰਮਤ ਅਤੇ ਨਿਰਪੱਖ ਪੱਤਰਕਾਰਤਾ ਵੱਲ ਪ੍ਰੇਰਿਤ ਕਰਨ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਮਾਜ ਸੇਵਾ ਦੇ ਕਾਰਜ ਕਰਕੇ ਨੌਜਵਾਨ ਪੀੜ੍ਹੀ ਨੂੰ ਸੱਚਾਈ, ਸੇਵਾ ਅਤੇ ਸਮਰਪਣ ਦਾ ਸਨੇਹਾ ਦੇ ਸਕਦੇ ਹਾਂ। ਸਪੀਕਰ ਸੰਧਵਾਂ ਨੇ ਖੂਨਦਾਨ ਕਰਨ ਵਾਲੇ ਸੇਵਾਦਾਰਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਵੱਡੀ ਸੇਵਾ ਹੈ, ਜੋ ਕਿਸੇ ਮਨੁੱਖ ਦੀ ਜ਼ਿੰਦਗੀ ਬਚਾ ਸਕਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਕਾਰਜਾਂ ਵਿੱਚ ਅੱਗੇ ਆਉਣ ਅਤੇ ਖੂਨਦਾਨ ਵਰਗੇ ਉੱਚੇ ਉਪਰਾਲਿਆਂ ਵਿੱਚ ਹਿੱਸਾ ਲੈਣ। ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ, ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਨੌਜਵਾਨ ਮੌਜੂਦ ਸਨ, ਜਿੰਨ੍ਹਾਂ ਨੇ ਖੂਨਦਾਨ ਕਰਕੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ।