ਰਾਜ ਦੇ ਬੁਨਿਆਦੀ ਢਾਂਚੇ ਨੂੰ ਮਜਬੂਰ ਕਰਨ ’ਚ ਕਿਰਤੀਆਂ ਦਾ ਅਹਿਮ ਯੋਗਦਾਨ : ਵਿਧਾਇਕ ਸੇਖੋਂ
ਫ਼ਰੀਦਕੋਟ /ਕੋਟਕਪੂਰਾ 23 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ਵਕਰਮਾ ਦਿਵਸ ਦੇ ਪਾਵਨ ਦਿਹਾੜੇ ਤੇ ਅੱਜ ਪਿੰਡ ਬਰਗਾੜੀ, ਪਿੰਡ ਢਿੱਲਵਾਂ ਕਲਾਂ, ਪਿੰਡ ਵਾਂਦਰ ਜਟਾਣਾ, ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਕੋਟਕਪੂਰਾ, ਪਿੰਡ ਧੂੜਕੋਟ, ਵਿਸ਼ਵਕਰਮਾ ਭਵਨ ਸਰਕੂਲਰ ਰੋਡ ਨੇੜੇ ਕੰਮੇਆਣਾ ਗੇਟ ਫ਼ਰੀਦਕੋਟ ਵਿਖੇ ਸਮਾਗਮ ਵਿੱਚ ਸ਼ਿਰਕਤ ਕਰਕੇ ਕਿਰਤੀ ਭਾਈਚਾਰੇ ਨੂੰ ਵਧਾਈ ਦਿੱਤੀ। ਉਨ੍ਹਾਂ ਬਾਬਾ ਵਿਸ਼ਵਕਰਮਾ ਧਰਮਸ਼ਾਲਾ ਬਰਗਾੜੀ ਦੇ ਸ਼ੈੱਡ ਅਤੇ ਹੋਰ ਵਿਕਾਸ ਲਈ ਆਪਣੇ ਅਖ਼ਤਿਆਰੀ ਫੰਡ ਵਿੱਚੋਂ 2 ਲੱਖ ਰੁਪਏ ਦੀ ਗ੍ਰਾਂਟ ਭੇਂਟ ਕੀਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਵਾਂਦਰ ਜਟਾਣਾ ਵਿਖੇ ਪੁਰਾਣੀ ਧਰਮਸ਼ਾਲਾ ਦੀ ਰਿਪੇਅਰ ਲਈ 4 ਲੱਖ ਰੁਪਏ ਅਤੇ ਨੌਜਵਾਨਾਂ ਦੀ ਮੰਗ ਤੇ ਜਿੰਮ ਲਈ ਵੀ 4 ਲੱਖ ਰੁਪਏ ਗਰਾਂਟ ਦੇਣ ਦਾ ਐਲਾਨ ਕੀਤਾ। ਸਪੀਕਰ ਸੰਧਵਾਂ ਨੇ ਕਿਹਾ ਕਿ ਵਿਸ਼ਵਕਰਮਾ ਨੂੰ ਬ੍ਰਹਿਮੰਡ ਦਾ ਪਹਿਲਾ ਸ਼ਿਲਪਕਾਰ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਬ੍ਰਹਿਮੰਡ ਪਹਿਲੇ ਇੰਜੀਨੀਅਰ ਵਜੋਂ ਸਤਿਕਾਰਿਆ ਜਾਂਦਾ ਹੈ। ਭਗਵਾਨ ਵਿਸ਼ਵਕਰਮਾ ਵੱਲੋਂ ਕੀਤੀ ਗਈ ਰਚਨਾ ਨੇ ਭਾਰਤੀ ਦਸਤਕਾਰਾਂ, ਕਾਰੀਗਰਾਂ ਅਤੇ ਕਿਰਤੀ, ਕਾਮਿਆਂ ਵਿੱਚ ਸੱਚੀ ਤੇ ਸੁੱਚੀ ਕਿਰਤ ਕਰਨ ਦੀ ਭਾਵਨਾ ਪੈਦਾ ਕੀਤੀ। ਬਾਬਾ ਵਿਸ਼ਵਕਰਮਾ ਦੀ ਹਥਿਆਰਾਂ, ਔਜ਼ਾਰਾਂ, ਮਸ਼ੀਨਾਂ ਆਦਿ ਦੀ ਬਣਤਰ ਕਲਾ ਵਿਚ ਵੱਡੀ ਦੇਣ ਹੈ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਬਾਬਾ ਵਿਸ਼ਵਕਰਮਾ ਜੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸਮੂਹ ਸੰਗਤ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਅਤੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਸਬੰਧੀ ਸੋਵੀਨਾਰ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਦਿਵਸ ਮਿਹਨਤ, ਕਲਾ ਤੇ ਕਾਰੀਗਰੀ ਦਾ ਪ੍ਰਤੀਕ ਹੈ ਅਤੇ ਇਸ ਤਰ੍ਹਾਂ ਦੇ ਸਮਾਗਮ ਸਮਾਜ ਨੂੰ ਏਕਤਾ, ਸ਼ਰਧਾ ਤੇ ਸੇਵਾ ਦੇ ਰਾਹ ਤੇ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਮਨੁੱਖਤਾ ਲਈ ਮਿਹਨਤ, ਇਮਾਨਦਾਰੀ ਅਤੇ ਸਿਰਜਣਾ ਦੇ ਪ੍ਰਤੀਕ ਹਨ ਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਬੁਨਿਆਦੀ ਢਾਂਚੇ ਨੂੰ ਮਜਬੂਰ ਕਰਨ ਵਿੱਚ ਕਿਰਤੀਆਂ ਦਾ ਅਹਿਮ ਯੋਗਦਾਨ ਹੈ। ਪੰਜਾਬ ਸਰਕਾਰ ਕਿਰਤੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਇਸ ਮੌਕੇ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ, ਇੰਜੀ. ਸੁਖਜੀਤ ਸਿੰਘ ਢਿਲਵਾਂ, ਸਿਮਰਨਜੀਤ ਸਿੰਘ ਐਮ.ਸੀ. ਕੋਟਕਪੂਰਾ, ਗੁਰਿੰਦਰ ਸਿੰਘ ਚਾਨਾ, ਜਤਿੰਦਰ ਸਿੰਘ, ਮੱਘਰ ਸਿੰਘ ਤੋਂ ਇਲਾਵਾ ਇਲਾਕਾ ਨਿਵਾਸੀ ਹਾਜਰ ਸਨ।
