ਅਧਿਕਾਰੀਆਂ ਨੂੰ ਨਹਿਰ ਦੇ ਪਾੜ ਨੂੰ ਜਲਦ ਪੂਰਨ ਦੇ ਦਿੱਤੇ ਨਿਰਦੇਸ਼
ਕੋਟਕਪੂਰਾ, 14 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਨੇੜਲੇ ਪਿੰਡ ਕੋਹਾਰਵਾਲਾ ਵਿਖੇ ਨਹਿਰ ਟੁੱਟਣ ਦੀ ਖਬਰ ਮਿਲਣ ’ਤੇ ਮੌਕੇ ’ਤੇ ਪਹੁੰਚ ਕੇ ਨਹਿਰ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨਾਲ ਜਿਲਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਸਮੇਤ ਖੇਤੀਬਾੜੀ ਵਿਭਾਗ ਅਤੇ ਨਹਿਰੀ ਵਿਭਾਗ ਦੇ ਸਬੰਧਤ ਅਧਿਕਾਰੀ ਤੇ ਕਰਮਚਾਰੀ ਵੀ ਹਾਜਰ ਸਨ। ਜਾਇਜਾ ਲੈਣ ਉਪਰੰਤ ਉਨ੍ਹਾਂ ਸਬੰਧਤ ਵਿਭਾਗ ਨੂੰ ਜਲਦੀ ਹੱਲ ਦੇ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਸਪੀਕਰ ਸੰਧਵਾਂ ਨੇ ਹਦਾਇਤ ਕੀਤੀ ਕਿ ਨਹਿਰ ਦੇ ਪਾੜ ਪੈਣ ਨਾਲ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦੀ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਉਨ੍ਹਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ। ਸਪੀਕਰ ਸੰਧਵਾਂ ਨੇ ਦੱਸਿਆ ਕਿ ਪੰਜਾਬ ਦੀ ‘ਆਪ’ ਸਰਕਾਰ ਵਲੋਂ ਜਿੱਥੇ ਜਲ ਸਰੋਤ, ਡੈਮ ਪ੍ਰੋਜੈਕਟ, ਸੇਮ ਦੀ ਸਮੱਸਿਆ, ਨਵੀਆਂ ਨਹਿਰਾਂ ਦਾ ਨਿਰਮਾਣ, ਭੂਮੀਗਤ ਪਾਣੀ ਰੀਚਾਰਜ ਕਰਨ, ਟਿਊਬਵੈਲ ਬਰੇਕ ਡਾਊਨ ਸਮੇਂ ’ਚ ਕਮੀ ਵਰਗੇ ਕਦਮ ਚੁੱਕੇ ਜਾ ਰਹੇ ਹਨ, ਉੱਥੇ ਅਣਕਿਆਸੇ ਆਫਤ ਪ੍ਰਬੰਧਨ ਵਾਲੀਆਂ ਸਮੱਸਿਆਵਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਨਹਿਰ ਵਿੱਚ ਪਏ ਪਾੜ ਨੂੰ ਜਲਦ ਪੂਰਿਆ ਜਾਵੇ। ਉਹਨਾ ਪ੍ਰਭਾਵਿਤ ਕਿਸਾਨਾ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ।

