ਸੜਕ ਦੁਰਘਟਨਾਵਾਂ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ : ਸਪੀਕਰ ਕੁਲਤਾਰ ਸਿੰਘ ਸੰਧਵਾਂ
ਤਹਿਸੀਲ ਕੰਪਲੈਕਸ ਤੇ ਹੋਰ ਦਫਤਰਾਂ ਦੀ ਉਸਾਰੀ ਲਈ ਵੀ ਜਲਦ ਤੋਂ ਜਲਦ ਜਗਾਂ ਦੀ ਚੋਣ ਕਰਨ ਦੇ ਨਿਰਦੇਸ਼ ਦਿੱਤੇ
ਕੋਟਕਪੂਰਾ, 24 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਗੁਰੂ ਗੋਬਿੰਦ ਸਿੰਘ ਮਿਊਂਸੀਪਲ ਲਾਇਬਰੇਰੀ ਕੋਟਕਪੂਰਾ ਵਿਖੇ ਕੋਟਕਪੂਰਾ ਵਿੱਚ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ, ਸੜਕ ਦੁਰਘਟਨਾ ਨੂੰ ਰੋਕਣ, ਸੜਕਾਂ/ਪੁੱਲਾਂ ਦੀ ਰਿਪੇਅਰ, ਸੀਵਰੇਜ ਆਦਿ ਮਸਲਿਆਂ ਨੂੰ ਲੈ ਕੇ ਜ਼ਿਲ੍ਹਾ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਤੇ ਅਧਿਕਾਰੀਆਂ ਨੂੰ ਇਨ੍ਹਾਂ ਕੰਮਾਂ ਤੇ ਸਮਾਂਬੱਧ ਕਾਰਵਾਈ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਮੈਡਮ ਹਰਜੋਤ ਕੌਰ, ਐਸ.ਡੀ.ਐਮ ਕੋਟਕਪੂਰਾ ਸੂਰਜ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜਰ ਸਨ। ਸਪੀਕਰ ਸੰਧਵਾਂ ਨੇ ਇਸ ਮੌਕੇ ਅਧਿਕਾਰੀਆਂ ਤੋਂ ਮੁਕਤਸਰ ਰੋਡ ਤੇ ਬਣੇ ਰੇਲਵੇ ਪੁੱਲ, ਫਰੀਦਕੋਟ ਰੋਡ ’ਤੇ ਬਣ ਰੇਲਵੇ ਪੁੱਲ ਤੇ ਹੁੰਦੇ ਸੜਕ ਹਾਦਸਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਲੋੜੀਂਦੀ ਰਿਪੇਅਰ, ਰੋਸ਼ਨੀ ਅਤੇ ਟਰੈਫਿਕ ਕੰਟਰੋਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਬੱਤੀਆਂ ਵਾਲੇ ਚੋਂਕ ਤੋਂ ਮੁਕਤਸਰ ਰੋਡ, ਬੱਤੀਆਂ ਵਾਲੇ ਚੌਂਕ ਤੋਂ ਮੋਗਾ ਰੋਡ, ਬਠਿੰਡਾ ਰੋਡ ’ਤੇ ਤ੍ਰਿਕੋਣੀ ਚੌਂਕ ਤੱਕ ਟਰੈਫਿਕ ਦੀ ਬਹੁਤ ਜਿਆਦਾ ਸਮੱਸਿਆਂ ਬਣ ਜਾਂਦੀ ਹੈ ਅਤੇ ਇਨ੍ਹਾਂ ਸੜਕਾਂ ਨੂੰ ਪਹਿਲ ਦੇ ਅਧਾਰ ’ਤੇ ਰਿਪੇਅਰ ਕੀਤਾ ਜਾਵੇ ਤਾਂ ਜੋ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਪੁਲਿਸ ਵਿਭਾਗ, ਨਗਰ ਕੌਂਸਲ, ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਲੋਕਾਂ ਨੂੰ ਟਰੈਫਿਕ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ, ਨਜਾਇਜ ਪਾਰਕਿੰਗ, ਓਵਰ ਸਪੀਡ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਜੇਕਰ ਫਿਰ ਵੀ ਕਈ ਉਲੰਘਣਾ ਕਰਦਾ ਹੈ ਤਾਂ ਉਸ ਵਿਰੁਧ ਕਾਨੂੰਨ ਅਨੁਸਾਰ ਚਲਾਨਾ ਕੱਟੇ ਜਾਣ। ਉਨ੍ਹਾਂ ਇਸ ਮੌਕੇ ਕੋਟਕਪੂਰਾ ਸ਼ਹਿਰ ਵਿੱਚ ਪਾਰਕਿੰਗ ਦੀ ਸਮੱਸਿਆਂ ਦੇ ਪੱਕੇ ਹੱਲ ਲਈ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਕਿਹਾ ਕਿ ਇੰਮਪਰੂਵਮੈਂਟ ਟਰੱਸਟ ਦੀ ਥਾਂ ’ਤੇ ਵਧੀਆਂ ਪਾਰਕਿੰਗ ਦੀ ਸਹੂਲਤ ਜਲਦੀ ਮੁਹੱਈਆ ਕਰਵਾਈ ਜਾਵੇ। ਸਪੀਕਰ ਸੰਧਵਾਂ ਨੇ ਇਸ ਮੌਕੇ ਤਹਿਸੀਲ ਕੰਪਲੈਕਸ ਅਤੇ ਹੋਰ ਦਫਤਰਾਂ ਦੀ ਉਸਾਰੀ ਲਈ ਜਗਾਂ ਦੀ ਜਲਦ ਤੋਂ ਜਲਦ ਚੋਣ ਕਰਕੇ ਇਸ ਦੀ ਉਸਾਰੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਦੇ ਅੰਦਰ ਸੜਕਾਂ ਤੇ ਪਾਰਕਿੰਗ ਲਈ ਪੀਲੀ ਲਾਈਨ ਲਗਾਈ ਜਾਵੇ ਅਤੇ ਧੁੰਦ ਦੇ ਮੌਸਮ ਸਮੇਂ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਸੜਕਾਂ ’ਤੇ ਚਿੱਟੀ ਪੱਟੀ ਲਾਈ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਬੱਸ ਸਟੈਂਡ ਦੀ ਬਦਲਵੀਂ ਥਾਂ ਦੀ ਵੀ ਚੋਣ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਟਰੈਫਿਕ ਤੋਂ ਨਿਜ਼ਾਤ ਮਿਲ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਸਪੀਕਰ ਸੰਧਵਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਸਬੰਧਤ ਵਿਭਾਗਾਂ ਨੂੰ ਸਮਾਂਬੱਧ ਕਾਰਵਾਈ ਲਈ ਕਿਹਾ ਗਿਆ ਤੇ ਜਿਹੜੇ ਵੀ ਅਧਿਕਾਰੀ ਇਨ੍ਹਾਂ ਕੰਮਾਂ ਲਈ ਲਾਪ੍ਰਵਾਹੀ ਜਾਂ ਦੇਰੀ ਵਰਤਣਗੇ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਉਪਰੰਤ ਸਪੀਕਰ ਸੰਧਵਾਂ ਨੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਨਿਰਦੇਸ਼ ਦਿੱਤੇ। ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ, ਸੰਜੀਵ ਕੁਮਾਰ ਡੀ.ਐਸ.ਪੀ., ਤਹਿਸੀਲਦਾਰ ਕੋਟਕਪੂਰਾ ਰੁਪਿੰਦਰ ਸਿੰਘ ਬੱਲ, ਡਾ. ਹਰਿੰਦਰ ਸਿੰਘ ਗਾਂਧੀ ਐਸ.ਐਮ.ਓ, ਐਕਸੀਅਨ ਪੀ.ਡਲਬਊ.ਡੀ. ਨਵੀਨ ਕੁਮਾਰ, ਬੀ.ਡੀ.ਪੀ.ਓ ਵਿਕਾਸ ਸ਼ਰਮਾ, ਈ.ਓ. ਅੰਮ੍ਰਿਤ ਲਾਲ, ਅਮਰੀਕ ਸਿੰਘ ਡੀਪੀਆਰਓ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

