ਹਲਕੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀ ਆਉਣ ਦਿਆਂਗੇ : ਸੰਧਵਾਂ
ਕੋਟਕਪੂਰਾ, 5 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਆਪਣੇ ਕੰਮਾਂ ਸਬੰਧੀ ਆਉਂਦੀਆਂ ਮੁਸ਼ਕਿਲਾਂ/ਸਮੱਸਿਆਵਾਂ ਨੂੰ ਦੂਰ ਕਰਨ ਲਈ ਆਪਣੇ ਗ੍ਰਹਿ ਪਿੰਡ ਸੰਧਵਾਂ ਵਿਖੇ ‘ਲੋਕ ਮਿਲਣੀ ਰਾਹੀਂ’ ਉਨ੍ਹਾਂ ਦੇ ਰੂਬਰੂ ਹੋ ਕੇ ਸੁਣਿਆ ਤੇ ਜ਼ਿਆਦਾਤਰ ਦਾ ਮੌਕੇ ’ਤੇ ਹੱਲ ਕੀਤਾ ਅਤੇ ਰਹਿੰਦੀਆਂ ਸਮੱਸਿਆਵਾਂ ਨੂੰ ਤੁਰਤ ਪ੍ਰਭਾਵ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਵੀ ਵਿਸ਼ੇਸ਼ ਤੌਰ ’ਤੇ ਉਨ੍ਹਾਂ ਨਾਲ ਹਾਜ਼ਰ ਸਨ। ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਲਈ ਹਰ ਸਮੇਂ ਹਾਜ਼ਰ ਹਨ ਤੇ ਹਫਤੇ ਵਿੱਚ 3 ਦਿਨ ਆਪਣੇ ਹਲਕੇ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਆਪਣੇ ਗ੍ਰਹਿ ਵਿਖੇ ਮਿਲਦੇ ਹਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਮੌਕੇ ’ਤੇ ਹੀ ਹੱਲ ਕਰਨ ਦੇ ਨਿਰਦੇਸ਼ ਜਾਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋਂ ਇਕ ਮੰਤਵ ਹੈ ਕਿ ਜਿੰਨਾ ਲੋਕਾਂ ਕਰਕੇ ਉਹ ਇਸ ਮੁਕਾਮ ’ਤੇ ਪੁਹੰਚੇ ਹਨ, ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ, ਜਿਸ ਦੀ ਪੂਰਤੀ ਲਈ ਉਹ ਸਮੇਂ ਸਮੇਂ ਤੋ ਲੋਕ ਮਿਲਣੀ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਸਰਕਾਰੀ ਦਫਤਰਾਂ ਵਿੱਚ ਆਉਂਦੀਆਂ ਮੁਸ਼ਕਿਲਾਂ ਅਤੇ ਹੋਰ ਸਮੱਸਿਆਵਾਂ ਨੂੰ ਦੂਰ ਕਰਨ ਦਾ ਇਕ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਲ ਕੇ ਪਿਆਰ ਨਾਲ ਬੋਲ ਕੇ ਹੀ ਉਨ੍ਹਾਂ ਦੀ ਅੱਧੀ ਸਮੱਸਿਆ ਹੱਲ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੁਝ ਸਮੱਸਿਆਵਾਂ ਦਾ ਹੱਲ ਮੌਕੇ ’ਤੇ ਹੀ ਕੀਤਾ ਗਿਆ ਹੈ ਅਤੇ ਬਾਕੀ ਲਈ ਸਬੰਧਤ ਵਿਭਾਗਾਂ ਨੂੰ ਫੌਰੀ ਤੌਰ ’ਤੇ ਹੱਲ ਕਰਨ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਮਿਲਣੀ ਨਾ ਸਿਰਫ਼ ਲੋਕਾਂ ਨੂੰ ਸਰਕਾਰੀ ਤੰਤਰ ’ਤੇ ਵਿਸ਼ਵਾਸ ਵਧਾਉਣ ਵਾਲੀ ਹੈ, ਸਗੋਂ ਇਹ ਸਾਬਤ ਕਰਦੀ ਹੈ ਕਿ ਸਰਕਾਰ ਜਮੀਨ ਪੱਧਰ ’ਤੇ ਲੋਕਾਂ ਦੀ ਸੁਣਵਾਈ ਲਈ ਗੰਭੀਰ ਹੈ। ਐਸੇ ਉਪਰਾਲਿਆਂ ਰਾਹੀਂ ਲੋਕਤੰਤਰ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੁੰਦੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਸਪੀਕਰ ਸੰਧਵਾਂ ਨੂੰ ਵਿਸ਼ਵਾਸ਼ ਦਵਾਇਆ ਕਿ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਆਪਣੇ ਕੰਮ ਕਰਵਾਉਣ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ। ਇਸ ਮੌਕੇ ਨਾਇਬ ਤਹਿਸੀਲਦਾਰ ਕੋਟਕਪੂਰਾ ਮੱਖਣ ਸਿੰਘ, ਬੀ.ਡੀ.ਪੀ.ਓ. ਫਰੀਦਕੋਟ ਨੱਥਾ ਸਿੰਘ, ਵਿਕਾਸ ਸ਼ਰਮਾ ਬੀ.ਡੀ.ਪੀ.ਓ. ਕੋਟਕਪੂਰਾ, ਅਮਰਇੰਦਰ ਸਿੰਘ ਈ.ਓ. ਕੋਟਕਪੂਰਾ, ਸਿਮਰਨਜੀਤ ਸਿੰਘ ਐੱਮ.ਸੀ. ਹਰਦੀਪ ਸਿੰਘ, ਗੁਰਪ੍ਰੀਤ ਸਿੰਘ ਗੈਰੀ ਵੜਿੰਗ ਹਲਕਾ ਸੰਗਠਨ ਇੰਚਾਰਜ ਤੋਂ ਇਲਾਵਾ ਵੱਖ-ਵੱਖ ਵਿਭਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।