ਕੋਟਕਪੂਰਾ, 1 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਲ ਸਰੋਤ ਵਿਭਾਗ ਪੰਜਾਬ ਵਲੋਂ ਕੋਟਕਪੂਰਾ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ 24 ਘੰਟੇ ਸਪਲਾਈ ਲਈ 19 ਫਰਵਰੀ 2024 ਨੂੰ ਕੋਠੇ ਬੁੱਕਣ ਸਿੰਘ ਨਗਰ ਨਜ਼ਦੀਕ ਲੰਘਦੇ ਸੂਏ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਕੋਟਕਪੂਰਾ ਨੇ ਰਜਬਾਹੇ ਦੀ ਬੁਰਜੀ ਨੰਬਰ 27840 ’ਤੇ ਬਣਾਈ ਗਈ ਮਜ਼ਬੂਤ ਠੱਲ੍ਹ ਦਾ ਇਕ ਵੱਡੇ ਇਕੱਠ ਦੌਰਾਨ ਵਿਧੀਵਤ ਉਦਘਾਟਨ ਕੀਤਾ ਗਿਆ ਸੀ। ਇਹ ਪ੍ਰੋਜੈਕਟ ਸ਼ਹਿਰ ਨੂੰ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਲਈ ਸ਼ਹਿਰ ਨਿਵਾਸੀਆਂ ਦੀ ਚਿਰੋਕਣੀ ਮੰਗ ਨੂੰ ਧਿਆਨ ’ਚ ਰੱਖਦਿਆਂ ਮਨਜ਼ੂਰ ਕੀਤਾ ਗਿਆ ਸੀ। ਜਿਸ ’ਤੇ ਲੱਖਾਂ ਰੁਪਏ ਖਰਚੇ ਜਾ ਚੁੱਕੇ ਹਨ ਅਤੇ ਪਾਣੀ ਦੀ ਸਪਲਾਈ ਵੀ ਚਾਲੂ ਕੀਤੀ ਜਾ ਚੁੱਕੀ ਹੈ ਪਰ ਬੀਤੇ ਦਿਨੀਂ ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਪੱਥਰ ਲਈ ਲਾਈਆਂ ਇੱਟਾਂ ਦੇ ਰਦਿਆਂ ਨੂੰ ਛੱਡ ਕੇ ਉੱਤੇ ਲੱਗੇ ਉਦਘਾਟਨੀ ਪੱਥਰ ਨੂੰ ਉਖਾੜ ਕੇ ਗਾਇਬ ਕਰ ਦਿੱਤਾ ਗਿਆ। ਇਸ ਸਬੰਧੀ ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਬੜੇ ਦੁਖੀ ਮਨ ਨਾਲ ਜਾਣਕਾਰੀ ਦਿੱਤੀ ਕਿ ਇਹ ਇਕ ਬਹੁਤ ਹੀ ਘਿਨਾਉਣੀ ਕਾਰਵਾਈ ਹੈ। ਨਹਿਰੀ ਪਾਣੀ ਦੀ ਸਪਲਾਈ ਵਧਣ ਕਾਰਨ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਲਾਭ ਪੁੱਜਾ ਹੈ ਨਾ ਕੇ ਕਿਸੇ ਵਿਸ਼ੇਸ਼ ਪਾਰਟੀ ਦੇ ਘਰਾਂ ਨੂੰ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਥਾਣਾ ਸ਼ਹਿਰੀ ਨੂੰ ਪੜਤਾਲ ਲਈ ਸੂਚਨਾ ਦੇ ਦਿੱਤੀ ਗਈ ਹੈ।