ਹਲਕਾ ਕੋਟਕਪੂਰਾ ਦੀਆਂ ਸਾਰੀਆਂ ਪੰਚਾਇਤਾਂ ਨੂੰ ਦਿੱਤਾ ਗਿਆ ਹੈ ਖੁੱਲਾ ਸੱਦਾ : ਮਨੀ ਧਾਲੀਵਾਲ
ਕੋਟਕਪੂਰਾ, 27 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਸਾਲ ਦੀਵਾਲੀ ਆਮ ਲੋਕਾਂ ਨਾਲ ਮਨਾਉਣ ਵਾਲੇ ਇਸ ਹਲਕੇ ਦੇ ਨੁਮਾਇੰਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਨਵਾਂ ਸਾਲ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਨਾਲ ਕਹਿ ਕੇ ਮਨਾਇਆ ਗਿਆ ਸੀ ਤੇ ਹੁਣ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦੇ ਮਕਸਦ ਤਹਿਤ ਸਪੀਕਰ ਸੰਧਵਾਂ ਵਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਨਵੇਂ ਬਣੇ ਸਰਪੰਚਾਂ/ਮੈਂਬਰਾਂ ਅਤੇ ਪਾਰਟੀ ਅਹੁਦੇਦਾਰਾਂ ਦੇ ਸਨਮਾਨ ਹਿਤ ‘ਦੀਵਾਲੀ ਦੇ ਰੰਗ ਨਵੇਂ ਚੁਣੇ ਪੰਚਾਂ-ਸਰਪੰਚਾਂ ਦੇ ਸੰਗ’ ਅਰਥਾਤ ਦੀਵਾਲੀ ਦਾ ਤਿਉਹਾਰ ਵੀ ਨਿਵੇਕਲੇ ਢੰਗ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ। ਸਪੀਕਰ ਸੰਧਵਾਂ ਦੀ ਟੀਮ ਦੇ ਮੈਂਬਰ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਸੁਖਵੰਤ ਸਿੰਘ ਸਰਾਂ ਅਤੇ ਅਮਨਦੀਪ ਸਿੰਘ ਸੰਧੂ ਮੁਤਾਬਿਕ 27 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਮਾਨ ਪੈਲੇਸ ਕੋਟਕਪੂਰਾ ਵਿਖੇ ਚਾਹ-ਪਾਰਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹਲਕੇ ਦੀਆਂ 65 ਪੰਚਾਇਤਾਂ ਦੇ ਚੁਣੇ ਨੁਮਾਇੰਦਿਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਸਪੀਕਰ ਸੰਧਵਾਂ ਵਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਆਉਂਦੀਆਂ ਪੰਚਾਇਤਾਂ ਦੀ ਚੋਣ ਪ੍ਰਕਿਰਿਆ ਅਮਨ ਅਮਾਨ ਨਾਲ, ਬਿਨਾ ਕਿਸੇ ਵਿਤਕਰੇ ਦੇ ਨੇਪਰੇ ਚੜਾਉਣ ਲਈ ਸਬੰਧਤ ਅਫਸਰਸ਼ਾਹੀ ਨੂੰ ਬਕਾਇਦਾ ਹਦਾਇਤ ਕੀਤੀ ਗਈ ਸੀ, ਇਸ ਹਲਕੇ ਵਿੱਚ ਇਸ ਤਰਾਂ ਦੀ ਧੱਕੇਸ਼ਾਹੀ, ਵਿਤਕਰੇਬਾਜੀ ਜਾਂ ਪੱਖਪਾਤ ਦੀ ਇਕ ਵੀ ਮਿਸਾਲ ਦੇਖਣ ਨੂੰ ਨਹੀਂ ਮਿਲੀ। ਹੁਣ ਸਪੀਕਰ ਸੰਧਵਾਂ ਨੇ ਆਪਣੇ-ਬੇਗਾਨੇ ਦਾ ਭੇਦਭਾਵ ਦੂਰ ਕਰਦਿਆਂ ਹਰ ਤਰਾਂ ਦੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਰੀਆਂ ਪੰਚਾਇਤਾਂ ਨੂੰ ਹੀ ਇਸ ਸਮਾਗਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ ਤਾਂ ਜੋ ਪਿੰਡਾਂ ਵਿੱਚ ਭਾਈਚਾਰਕ ਸਾਂਝ ਪੈਦਾ ਕਰਕੇ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦਾ ਮੁੱਢ ਬੰਨਿਆ ਜਾ ਸਕੇ।
