ਆਪਸੀ ਏਕਤਾ ਅਤੇ ਧਾਰਮਿਕ ਸਾਂਝ ਪੰਜਾਬ ਦੀ ਤਾਕਤ : ਸਪੀਕਰ ਸੰਧਵਾਂ
ਕੋਟਕਪੂਰਾ, 17 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਅਤੇ ਉਪਦੇਸ਼ ਸਮਾਜ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੇ ਹਨ। ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਉਨ੍ਹਾਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਅਤੇ ਲੋਕਾਂ ਨੂੰ ਸੱਚਾਈ, ਨਿਸ਼ਕਾਮ ਭਾਵਨਾ ਅਤੇ ਨੇਕੀ ਦੇ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਸ੍ਰ. ਸੰਧਵਾਂ ਆਪਣੀ ਧਰਮਪਤਨੀ ਗੁਰਪ੍ਰੀਤ ਕੌਰ ਸੰਧਵਾਂ ਨਾਲ ਕੱਲ੍ਹ ਦੇਰ ਰਾਤ ਕੋਟਕਪੂਰਾ ਦੇ ਵੱਖ-ਵੱਖ ਮੰਦਰਾਂ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਨੇ ਹਮੇਸ਼ਾਂ ਅਧਰਮ ਦੇ ਖ਼ਾਤਮੇ ਅਤੇ ਧਰਮ ਦੀ ਸਥਾਪਨਾ ਲਈ ਮਨੁੱਖਤਾ ਨੂੰ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੀ ਸਾਨੂੰ ਉਨ੍ਹਾਂ ਦੇ ਦਰਸਾਏ ਰਾਹ ’ਤੇ ਤੁਰਨ ਦੀ ਲੋੜ ਹੈ ਤਾਂ ਜੋ ਸਮਾਜ ਵਿਚ ਪੈਦਾ ਹੋ ਰਹੀਆਂ ਬੁਰਾਈਆਂ ਨੂੰ ਦੂਰ ਕਰਕੇ ਪਿਆਰ, ਸੱਚਾਈ ਅਤੇ ਇਨਸਾਫ਼ ਦਾ ਮਾਹੌਲ ਬਣਾਇਆ ਜਾ ਸਕੇ। ਸਪੀਕਰ ਸ. ਸੰਧਵਾਂ ਨੇ ਅੱਗੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਿਰਫ ਰਾਜਨੀਤਕ ਸੇਵਾ ਤੱਕ ਸੀਮਿਤ ਨਹੀਂ ਰੱਖਣਾ ਚਾਹੁੰਦੇ, ਸਗੋਂ ਨਿਰ ਸਵਾਰਥ ਹੋ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਨੂੰ ਆਪਣਾ ਧਰਮ ਮੰਨਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਯਕੀਨ ਦਵਾਇਆ ਕਿ ਉਹ ਹਰ ਸੰਭਵ ਯਤਨ ਕਰਨਗੇ ਤਾਂ ਜੋ ਸਮਾਜ ਵਿਚ ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕੇ। ਕੋਟਕਪੂਰਾ ਦੇ ਮੰਦਰਾਂ ਵਿਚ ਜਦੋਂ ਸਪੀਕਰ ਸੰਧਵਾਂ ਪਹੁੰਚੇ ਤਾਂ ਸੰਗਤਾਂ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਨੂੰ ਰਸਮੀ ਝੂਲੇ ਵਿੱਚ ਝੁਲਾਇਆ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਉਨ੍ਹਾਂ ਨੇ ਹਿੰਦੂ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਆਪਸੀ ਏਕਤਾ ਅਤੇ ਧਾਰਮਿਕ ਸਾਂਝ ਨੂੰ ਪੰਜਾਬ ਦੀ ਤਾਕਤ ਦੱਸਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਹਿੱਸਾ ਲਿਆ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਹਾੜੇ ਨੂੰ ਧਾਰਮਿਕ ਉਤਸ਼ਾਹ ਨਾਲ ਮਨਾਇਆ। ਮੰਦਰਾਂ ਵਿੱਚ ਸਾਰਾ ਦਿਨ ਭਜਨ ਕੀਰਤਨ ਗੂੰਜਦੇ ਰਹੇ ਅਤੇ ਸ਼ਰਧਾਲੂਆਂ ਵੱਲੋਂ ਭਗਤੀ ਭਾਵਨਾ ਨਾਲ ਅਰਦਾਸਾਂ ਕੀਤੀਆਂ ਗਈਆਂ। ਇਸ ਮੌਕੇ ਉਹਨਾ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਗੁਰਪ੍ਰੀਤ ਸਿੰਘ ਗੈਰੀ ਵੜਿੰਗ ਸੰਗਠਨ ਇੰਚਾਰਜ ਕੋਟਕਪੂਰਾ, ਸਿਮਰਜੀਤ ਸਿੰਘ ਸਿਮਰਾ ਐਮ.ਸੀ., ਨਰੇਸ਼ ਸਿੰਗਲਾ ‘ਆਪ’ ਆਗੂ ਆਦਿ ਵੀ ਹਾਜਰ ਸਨ।