ਨਸ਼ੇ ਨੂੰ ਖ਼ਤਮ ਕਰਨ ਲਈ ਕੀਤਾ ਜਾ ਰਿਹਾ ਹਰ ਸੰਭਵ ਯਤਨ : ਸੰਧਵਾਂ ਸਪੀਕਰ

ਕੋਟਕਪੂਰਾ, 18 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ, ਪੁਲਿਸ ਵਿਭਾਗ ਸਹਿਕਾਰਤਾ ਵਿਭਾਗ ਦੇ ਸਹਿਯੋਗ ਨਾਲ ਪਿੰਡਾਂ ਵਿਚ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਚਲਾਈ ਜਾਗਰੂਕਤਾ ਲਹਿਰ ਦੇ ਅੱਜ ਤੀਸਰੇ ਦਿਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਲਕਾ ਕੋਟਕਪੂਰਾ ਦੇ ਪਿੰਡ ਮਿਸ਼ਰੀਵਾਲਾ, ਮੋਰਾਂਵਾਲੀ ਅਤੇ ਕਲੇਰ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ। ਅੱਜ ਏਥੇ ਵੱਖ ਵੱਖ ਪਿੰਡਾਂ ਵਿਚ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਪ੍ਰਤੀ ਸੋਹ ਚੁਕਵਾਉਣ ਉਪਰੰਤ ਸਪੀਕਰ ਸੰਧਵਾਂ ਨੇ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਰੰਗਲਾ ਪੰਜਾਬ ਬਣ ਜਾਵੇਗਾ ਅਤੇ ਪੰਜਾਬ ਦੀ ਨੌਜਵਾਨੀ ਨੂੰ ਘੁਣ ਵਾਂਗ ਖਾ ਰਹੇ ਨਸ਼ਿਆਂ ਨੂੰ ਜੜ੍ਹੋਂ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਪੁਲਿਸ ਵਿਭਾਗ ਵੱਲੋਂ ਨਸ਼ਾ ਅਤੇ ਨਸ਼ਾ ਤਸਕਰਾਂ ਖਿਲਾਫ਼ ਵੱਡੀ ਪੱਧਰ ਤੇ ਕਾਰਵਾਈ ਹੋਂਦ ਵਿੱਚ ਲਿਆਂਦੀ ਹੈ ਅਤੇ ਨਸ਼ਾ ਤਸਕਰਾਂ ਦੇ ਨਾਜ਼ਾਇਜ਼ ਉਸਾਰੇ ਘਰਾਂ ਤੇ ਪੀਲਾ ਪੰਜਾ ਚਲਾਇਆ ਗਿਆ ਹੈ, ਜੋ ਕਿ ਬਹੁਤ ਹੀ ਸੰਤੁਸ਼ਟ ਕਰ ਦੇਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪਿੰਡ ਤੇ ਗਲੀ-ਮੁਹੱਲੇ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਚਾਇਤ ਵਿਭਾਗ, ਸਿਹਤ ਵਿਭਾਗ, ਸਹਿਕਾਰਤਾ ਵਿਭਾਗ ਵਲੋਂ ਪਿੰਡ ਪੱਧਰ ’ਤੇ ਗ੍ਰਾਮ ਸਭਾਵਾਂ, ਪਿੰਡ ਵਾਸੀਆ, ਪਿੰਡ ਰੱਖਿਆ ਕਮੇਟੀਆਂ, ਵਾਰਡ ਰੱਖਿਆ ਕਮੇਟੀਆਂ, ਯੂਥ ਕਲੱਬਾਂ ਦੇ ਸਹਿਯੋਗ ਨਾਲ ਜਾਗਰੂਕਤਾ ਸਮਾਗਮ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਖੁਲ੍ਹ ਕੇ ਨਸ਼ਿਆਂ ਅਤੇ ਨਸ਼ਿਆਂ ਦਾ ਵਪਾਰ ਕਰਨ ਵਾਲੇ ਲੋਕਾਂ ਬਾਰੇ ਬੋਲਣ ਤਾਂ ਜੋ ਸਾਡੀ ਨੌਜਵਾਨੀ ਨੂੰ ਇਸ ਦੀ ਚੁੰਗਲ ’ਚੋਂ ਕੱਢਿਆ ਜਾ ਸਕੇ। ਇਸ ਮੌਕੇ ਮੇਜਰ ਡਾ. ਵਰੁਣ ਕੁਮਾਰ ਐੱਸ. ਡੀ. ਐੱਮ, ਵਿਕਾਸ ਸ਼ਰਮਾ ਬੀ.ਡੀ.ਪੀ.ਓ ਕੋਟਕਪੂਰਾ, ਡਾ. ਹਰਿੰਦਰ ਸਿੰਘ ਗਾਂਧੀ ਐਸ.ਐਮ.ਓ., ਹਲਕਾ ਕੋਆਰਡੀਨੇਟਰ ਰਾਜਪਾਲ ਸਿੰਘ ਢੁੱਡੀ, ਮਨਦੀਪ ਭਾਣਾ, ਫਲੈਗ ਚਾਵਲਾ, ਸੁਖਪ੍ਰੀਤ ਕੌਰ ਸਰਪੰਚ, ਜਸਕਰਨ ਸਿੰਘ ਪੰਚ, ਜਗਰੂਪ ਸਿੰਘ ਪੰਚ, ਮਨਦੀਪ ਕੌਰ ਪੰਚ, ਵੀਜਾ ਸਿੰਘ ਪੰਚ, ਪਾਲ ਸਿੰਘ ਨੰਬਰਦਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਵੀ ਹਾਜ਼ਰ ਸਨ।