ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿਆਂਗੇ : ਸੰਧਵਾਂ
ਕੋਟਕਪੂਰਾ, 10 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਿੱਖਾਂਵਾਲਾ ਰੋਡ ਪ੍ਰੇਮ ਨਗਰ ਵਾਰਡ ਨੰਬਰ 4 ਕੋਟਕਪੂਰਾ ਵਿਖੇ 4 ਕਰੋੜ 35 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੀਂਹ ਦੇ ਪਾਣੀ ਦੇ ਰੁਕਣ ਕਾਰਨ ਇਹ ਸੜਕ ਬਹੁਤ ਹੀ ਖ਼ਰਾਬ ਹਾਲਤ ਵਿੱਚ ਸੀ, ਜਿਸ ਨਾਲ ਇਲਾਕੇ ਦੇ ਨਿਵਾਸੀਆਂ ਨੂੰ ਆਵਾਜਾਈ ਵਿੱਚ ਕਾਫ਼ੀ ਪ੍ਰੇਸ਼ਾਨੀ ਆਉਂਦੀ ਸੀ। ਹੁਣ ਇਹ ਸੜਕ ਮਜ਼ਬੂਤ ਬੁਨਿਆਦ ਨਾਲ ਤਿਆਰ ਕੀਤੀ ਜਾਵੇਗੀ, ਜਿਸ ਨਾਲ ਪਾਣੀ ਦੀ ਨਿਕਾਸੀ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਇਹ ਸਮੱਸਿਆ ਮੁੜ ਨਾ ਆਵੇ। ਸਪੀਕਰ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਸੜਕ ਬਣਨ ਤੋਂ ਪਹਿਲਾਂ ਹੀ ਆਪਣੇ ਘਰਾਂ ਦੇ ਸੀਵਰੇਜ ਤੇ ਪਾਣੀ ਦੇ ਕੁਨੈਕਸ਼ਨ ਲੈ ਲੈਣ, ਤਾਂ ਜੋ ਨਵੀਂ ਬਣੀ ਸੜਕ ਨੂੰ ਕੱਟਣ ਦੀ ਲੋੜ ਨਾ ਪਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸੜਕ ਬਣਨ ਤੋਂ ਬਾਅਦ ਕਿਸੇ ਨੇ ਕਨੈਕਸ਼ਨ ਲਈ ਸੜਕ ਕੱਟੀ, ਤਾਂ ਉਸਦੀ ਮੁਰੰਮਤ ਦਾ ਖ਼ਰਚਾ ਸਬੰਧਤ ਵਿਅਕਤੀ ਤੋਂ ਹੀ ਵਸੂਲਿਆ ਜਾਵੇਗਾ। ਸ. ਸੰਧਵਾਂ ਨੇ ਕਿਹਾ ਕਿ ਕੋਟਕਪੂਰਾ ਸ਼ਹਿਰ ਦੇ ਹਰ ਵਾਰਡ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਰੋਸ਼ਨੀ, ਪਾਣੀ ਸਪਲਾਈ, ਸਿਵਰੇਜ ਪ੍ਰਣਾਲੀ ਅਤੇ ਸੜਕਾਂ ਦੀ ਮੁਰੰਮਤ ਉਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਸਰਕਾਰ ਵੱਲੋਂ ਜਿੰਨੇ ਵੀ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਉਨ੍ਹਾਂ ਨੂੰ ਗੁਣਵੱਤਾ ਅਤੇ ਸਮੇਂ ਸਿਰ ਪੂਰਾ ਹੋਣਾ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਕੋਟਕਪੂਰਾ ਨੂੰ ਸਾਫ਼, ਸੁਥਰਾ ਅਤੇ ਆਧੁਨਿਕ ਸ਼ਹਿਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਯਤਨ ਜਾਰੀ ਹਨ। ਇਸ ਉਪਰੰਤ ਉਨ੍ਹਾਂ ਕੋਟਕਪੂਰਾ ਵਿਖੇ ਗਰੀਨ ਬੁੱਲ ਜਨਰੇਟਰ (ਚਾਨਾ ਮਸੀਨਰੀ ਸਟੋਰ) ਦਾ ਉਦਘਾਟਨ ਕੀਤਾ ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਨੌਜਵਾਨਾਂ ਨੂੰ ਖੁਦ ਰੁਜ਼ਗਾਰ ਵੱਲ ਪ੍ਰੇਰਿਤ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਸਥਾਨਕ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਬਚਾਉਣ ਵਾਲੇ ਉਤਪਾਦਾਂ ਦੀ ਵਰਤੋਂ ਵਧਾਉਣ ਤੇ ਰੰਗਲਾ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਸਿਮਰਨਜੀਤ ਸਿੰਘ, ਨਰੇਸ਼ ਸਿੰਗਲਾ, ਮਨਜੀਤ ਸ਼ਰਮਾ, ਸਵਤੰਤਰ ਜੋਸ਼ੀ, ਮੇਹਰ ਸਿੰਘ, ਜਸਪ੍ਰੀਤ ਕੌਰ, ਪ੍ਰਿੰਸ ਬਹਿਲ, ਜਸਪ੍ਰੀਤ ਕੌਰ ਕਲਿਆਣ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜ਼ਰ ਸਨ।
