ਪੰਜਾਬ ਸਰਕਾਰ ਬੁਨਿਆਦੀ ਢਾਂਚੇ ’ਚ ਸੁਧਾਰ ਕਰਨ ਲਈ ਲਗਾਤਾਰ ਗਤੀਸ਼ੀਲ
ਕੋਟਕਪੂਰਾ, 10 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੇਂਡੂ ਖੇਤਰਾਂ ਦਾ ਵਿਕਾਸ ਸਾਡੇ ਰਾਜ ਦੇ ਸਮੁੱਚੇ ਵਿਕਾਸ ਅਤੇ ਖੁਸ਼ਹਾਲੀ ਲਈ ਮਹੱਤਵਪੂਰਨ ਹੈ। ਪੇਂਡੂ ਭਾਈਚਾਰੇ ਨੂੰ ਵਿਕਸਿਤ ਕਰਨ ਲਈ ਪੰਜਾਬ ਸਰਕਾਰ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਲਈ ਲਗਾਤਾਰ ਗਤੀਸ਼ੀਲ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਜ਼ਿਲ੍ਹਾ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੇ ਨੁਮਾਇੰਦਿਆਂ ਨਾਲ ਆਪਣੇ ਗ੍ਰਹਿ ਪਿੰਡ ਸੰਧਵਾਂ ਵਿਖੇ ਮੀਟਿੰਗ ਦੌਰਾਨ ਕੀਤਾ। ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਪਿੰਡਾਂ ਦੇ ਛੱਪੜਾਂ ਦੀ ਸਫਾਈ ਅਤੇ ਸਿੰਚਾਈ ਪ੍ਰਣਾਲੀਆਂ ਦੇ ਨਵੀਨੀਕਰਨ ਤੇ ਜ਼ੋਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਛੱਪੜਾਂ ਦੀ ਸਫ਼ਾਈ, ਪੱਕੇ ਖਾਲੇ ਬਣਾਉਣ ਤੋਂ ਇਲਾਵਾ, ਸਰਕਾਰ ਪੇਂਡੂ ਖੇਤਰਾਂ ਵਿੱਚ ਸਿੰਚਾਈ ਪ੍ਰਣਾਲੀਆਂ ਨੂੰ ਵੀ ਅਪਗ੍ਰੇਡ ਕਰ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਨੂੰ ਪਾਣੀ ਦੇਣ ਦਾ ਭਰੋਸੇਯੋਗ ਅਤੇ ਕੁਸ਼ਲ ਸਾਧਨ ਮੁਹੱਈਆ ਹੋਵੇਗਾ, ਸਿੰਚਾਈ ਅਤੇ ਪੀਣ ਦੇ ਉਦੇਸ਼ਾਂ ਲਈ ਪਾਣੀ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਛੱਪੜਾਂ ਦੀ ਸਫਾਈ ਕਰਕੇ ਇਸ ਪਾਣੀ ਨੂੰ ਸਿੰਜਾਈ ਲਈ ਵਰਤਣਯੋਗ ਬਣਾਇਆ ਜਾਵੇਗਾ। ਇਹ ਯਤਨ ਨਾ ਸਿਰਫ਼ ਕਿਸਾਨਾਂ ਦੀ ਰੋਜ਼ੀ-ਰੋਟੀ ਵਿੱਚ ਸੁਧਾਰ ਕਰੇਗਾ ਸਗੋਂ ਇਸ ਖੇਤਰ ਦੇ ਸਮੁੱਚੇ ਵਾਤਾਵਰਣ ਸੰਤੁਲਨ ਵਿੱਚ ਵੀ ਯੋਗਦਾਨ ਪਾਵੇਗਾ। ਸਪੀਕਰ ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਿੱਥੇ ਰਾਜ ਦੇ ਵਸਨੀਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਰਾਜ ਦੀ ਤਰੱਕੀ ਲਈ ਵੱਡੇ ਫੈਸਲੇ ਲੇ ਰਹੇ ਹਨ, ਉੱਥੇ ਹੀ ਸਰਕਾਰ ਵੱਲੋਂ ਵਾਤਾਵਰਨ ਦੇ ਸੁਧਾਰ ਲਈ ਵੱਡੀ ਪੱਧਰ ਤੇ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਸੰਸਥਾਵਾਂ,ਪੰਚਾਇਤਾਂ ਦੇ ਸਹਿਯੋਗ ਨਾਲ ਜਿਲੇ ਵਿੱਚ ਮਿੰਨੀ ਜੰਗਲ ਵੀ ਸਥਾਪਿਤ ਗਏ ਹਨ, ਜਿਸ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਟਕਪੂਰਾ ਵਿਖੇ ਪਿਛਲੇ ਕੁਝ ਸਮੇਂ ਵਿੱਚ 12 ਮਿੰਨੀ ਜੰਗਲ ਸਥਾਪਿਤ ਕੀਤੇ ਜਾ ਚੁੱਕੇ ਹਨ। ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਬਲਾਕ ਕੋਟਕਪੂਰਾ ਵਿੱਚ ਛੱਪੜਾਂ ਦੀ ਸਫਾਈ ਨਿਰੰਤਰ ਕੀਤੀ ਜਾ ਰਹੀ ਹੈ, ਹੁਣ ਤੱਕ 5 ਛੱਪੜਾਂ ਦੀ ਸਫਾਈ ਕੀਤੀ ਜਾ ਚੁੱਕੀ ਹੈ। ਪੰਜਾਬ ਸਟੇਟ ਟਿਊਬਵੈਲ ਕਾਰਪੋਰੇਸ਼ਨ ਤੋਂ ਐਨ.ਓ.ਸੀ. ਲੈ ਕੇ ਮਗਨਰੇਗਾ ਅਧੀਨ ਪੱਕੇ ਖਾਲਿਆਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਦੇ ਛੱਪੜਾਂ ਦੀ ਸਫ਼ਾਈ ਪਹਿਲਕਦਮੀ ਤਹਿਤ, ਸਰਕਾਰ ਪੇਂਡੂ ਖੇਤਰਾਂ ਵਿੱਚ ਛੱਪੜਾਂ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਰਹੀ ਹੈ। ਇਸ ਪਹਿਲਕਦਮੀ ਨੂੰ ਸਬੰਧਤ ਵਿਭਾਗਾਂ ਦੀ ਕਮੇਟੀ ਦੁਆਰਾ ਲਾਗੂ ਕੀਤਾ ਜਾਵੇਗਾ, ਜੋ ਸਰੋਤਾਂ ਦੀ ਵੰਡ ਦੀ ਨਿਗਰਾਨੀ ਕਰੇਗੀ ਅਤੇ ਪ੍ਰੋਜੈਕਟਾਂ ਦੇ ਸਮੇਂ ਸਿਰ ਮੁਕੰਮਲ ਹੋਣ ਨੂੰ ਯਕੀਨੀ ਬਣਾਏਗੀ। ਇਸ ਮੌਕ ਏ.ਪੀ.ਓ ਗਗਨਦੀਪ ਸਿੰਘ, ਬਲਾਕ ਕੋਆਰਡੀਨੇਟਰ ਇਸ਼ਾਂਕ ਵਰਮਾ, ਜੇ.ਈ. ਰਾਜਿੰਦਰ ਕੁਮਾਰ, ਪੁਸ਼ਪਿੰਦਰ, ਗੁਰਵਿੰਦਰ, ਹਰਪ੍ਰੀਤ, ਹਪਿੰਦਰ, ਮਨਦੀਪ ਅਤੇ ਇਕਬਾਲ ਆਦਿ ਹਾਜ਼ਰ ਸਨ।

