ਕਿਰਤ ਵਿਭਾਗ ਦੀਆਂ ਸਕੀਮਾ ਅਤੇ ਫਾਇਦਿਆਂ ਤੋਂ ਕਿਰਤੀ ਲੋਕ ਲੈਣ ਲਾਹਾ : ਸਪੀਕਰ ਸੰਧਵਾਂ
ਕੋਟਕਪੂਰਾ, 2 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦੁਆਰੇਆਣਾ ਸੜਕ ਦੇ ਵਸਨੀਕ ਕਿਰਤੀ ਪਰਿਵਾਰ ਸ਼੍ਰੀ ਪੰਨਾ ਲਾਲ ਜਿਹੜੇ ਉਸਾਰੀ ਦਾ ਕੰਮ ਕਰਦੇ ਸਮੇਂ ਦੁਰਘਟਨਾ ਵਾਪਰਨ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ, ਕਿਰਤ ਵਿਭਾਗ ਦੇ ਰਜਿਸਟਰਡ ਲਾਭਪਾਤਰੀ ਹੋਣ ਕਰਕੇ ਉਹਨਾਂ ਦੀ ਮੌਤ ਉਪਰੰਤ ਪਰਿਵਾਰ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪੰਜਾਬ ਸਰਕਾਰ ਵੱਲੋਂ ਸਪੁਰਦ ਕੀਤੀ ਗਈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਲਾਭਪਾਤਰੀ ਦੇ ਘਰ ਪਹੁੰਚ ਕਰਕੇ ਆਖਿਆ ਕਿ ਬੇਸ਼ੱਕ ਇਨਸਾਨੀ ਜ਼ਿੰਦਗੀ ਦੀ ਕੀਮਤ ਕੋਈ ਵੀ ਅਦਾ ਨਹੀਂ ਕਰ ਸਕਦਾ, ਪਰ ਫਿਰ ਵੀ ਮਿਸਤਰੀ, ਤਰਖਾਣ, ਲੋਹਾਰ, ਇੱਟ ਭੱਠੇ ’ਤੇ ਕੰਮ ਕਰਨ ਵਾਲੇ ਕਿਰਤੀ, ਸੀਮੈਂਟ, ਮਾਰਬਲ–ਟਾਇਲਜ਼, ਪਲੰਬਰ, ਬਿਜਲੀ ਮਿਸਤਰੀ, ਪੇਂਟਰ, ਪੀ.ਓ.ਪੀ. ਵਰਕਰ, ਛੋਟੇ ਅਤੇ ਬੇਜ਼ਮੀਨੇ ਕਿਸਾਨ ਅਤੇ ਹੋਰ ਮਜ਼ਦੂਰ ਜੋ ਕਿ ਉਸਾਰੀ ਨਾਲ ਸਬੰਧਤ ਕੰਮ ਕਰਦੇ ਹਨ, ਉਹ ਸਭ ਪੰਜਾਬ ਕਿਰਤ ਵਿਭਾਗ ਅਧੀਨ ਲਾਭਪਾਤਰੀ ਬਣ ਸਕਦੇ ਹਨ। ਇਸ ਸਕੀਮ ਅਧੀਨ ਕੋਈ ਵੀ ਔਰਤ ਜਾਂ ਮਰਦ ਜਿਸ ਦੀ ਉਮਰ 18 ਤੋਂ 60 ਸਾਲ ਵਿਚਕਾਰ ਹੋਵੇ, ਉਹ ਖੁਦ ਲਾਭਪਾਤਰੀ ਵਜੋਂ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਰਜਿਸਟ੍ਰੇਸ਼ਨ ਲਈ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸਾਰੇ ਪਿੰਡਾਂ ਅਤੇ ਵਾਰਡਾਂ ਵਿੱਚ ਕੈਂਪ ਲਾਏ ਜਾ ਰਹੇ ਹਨ, ਜਿੰਨਾਂ ਦਾ ਸਮਾਂ ਸਾਰਨੀ ਵੇਰਵਾ ਜਲਦ ਹੀ ਸਾਂਝਾ ਕੀਤਾ ਜਾਵੇਗਾ, ਲਾਭਪਾਤਰੀ ਵਿਅਕਤੀ ਬੱਚਿਆਂ ਦੀ ਪੜਾਈ ਲਈ ਸਕਾਲਰਸ਼ਿਪ ਸਕੀਮ, ਸ਼ਗਨ ਸਕੀਮ, ਪ੍ਰਸੂਤਾ ਲਾਭ ਸਕੀਮ, ਦੋ ਲੜਕੀਆਂ ਹੋਣ ਦੀ ਸੂਰਤ ਵਿੱਚ 75-75 ਹਜ਼ਾਰ ਰੁਪਏ ਬਾਲੜੀ ਤੋਹਫ਼ਾ ਸਕੀਮ, ਲਾਭਪਾਤਰੀ ਦੀ ਮੌਤ ਹੋਣ ’ਤੇ 2 ਲੱਖ ਤੋਂ 4 ਲੱਖ ਰੁਪਏ ਐਕਸ ਗ੍ਰੇਸ਼ੀਆ ਸਕੀਮ, ਅੰਤਿਮ ਸਸਕਾਰ ਲਈ 20 ਹਜ਼ਾਰ ਰੁਪਏ, ਜਨਰਲ ਸਰਜਰੀ ਲਈ ਤੈਅਸ਼ੁਦਾ ਰਕਮ ਸਕੀਮ, ਸਕਿਲ ਡਿਵੈਲਪਮੈਂਟ ਸਕੀਮ ਅਤੇ ਹੋਰ ਬਹੁਤ ਸਾਰੀਆਂ ਸਕੀਮਾਂ ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ, ਸੋ ਸਰਕਾਰ ਦੀਆਂ ਇਹਨਾਂ ਸਕੀਮਾਂ ਦਾ ਲਾਭ ਪ੍ਰਾਪਤ ਕਰਨ ਲਈ ਨੇੜਲੇ ਸੇਵਾ ਕੇਂਦਰ, ਦਫ਼ਤਰ ਸਹਾਇਕ ਕਿਰਤ ਕਮਿਸ਼ਨਰ, ਕਿਰਤ ਇੰਸਪੈਕਟਰ ਜਾਂ ਸਪੀਕਰ ਦਫ਼ਤਰ ਕੋਟਕਪੂਰਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।