ਮਾਰਕੀਟ ਕਮੇਟੀ ਕੋਟਕਪੂਰਾ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ
ਰਾਜ ਦੀ ਤਰੱਕੀ ਤੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ : ਸੰਧਵਾਂ
ਕੋਟਕਪੂਰਾ, 8 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵੱਲੋਂ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਂਵਾਂ ਦਾ ਹੱਲ ਕਰਨ ਲਈ ਲੋਕ ਮਿਲਣੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਉਨ੍ਹਾਂ ਅੱਜ ਮਾਰਕਿਟ ਕਮੇਟੀ ਕੋਟਕਪੂਰਾ ਦੇ ਦਫਤਰ ਵਿਖੇ ਲੋਕ ਮਿਲਣੀ ਦਾ ਆਯੋਜਨ ਕਰਕੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸੰਧਵਾਂ ਨੇ ਕਿਹਾ ਕਿ ਉਹ ਹਫਤੇ ਦੇ ਤਿੰਨ ਦਿਨ ਆਪਣੇ ਹਲਕੇ ਵਿੱਚ ਬਿਤਾਉਂਦੇ ਹਨ ਅਤੇ ਜਿੱਥੇ ਉਨ੍ਹਾਂ ਦੇ ਗ੍ਰਹਿ ਪਿੰਡ ਸੰਧਵਾਂ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਲੋਕ ਮਿਲਣੀ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ’ਤੇ ਹੱਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ’ਤੇ ਹੀ ਹੱਲ ਕੀਤਾ ਜਾਂਦਾ ਹੈ ਅਤੇ ਜੇਕਰ ਲੋੜ ਪਵੇ ਤਾਂ ਸਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਸਮਾਂਬੱਧ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਸਪੀਕਰ ਸੰਧਵਾਂ ਨੇ ਕੋਟਕਪੂਰਾ ਦੀ ਮਾਰਕੀਟ ਕਮੇਟੀ ਦਫਤਰ ਵਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਵਿਭਾਗ ਦੇ ਕੰਮਾਂ ਦੀ ਸਮੀਖਿਆਂ ਕੀਤੀ ਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਉਨ੍ਹਾਂ ਦੇ ਕੰਮਾਂ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੀ ਤਰੱਕੀ ਤੇ ਵਿਕਾਸ ਲਈ ਵਚਨਬੱਧ ਹੈ ਤੇ ਰਾਜ ਵਿੱਚ ਲੋਕਾਂ ਦੀ ਸਹੂਲਤ ਲਈ ਜਿੱਥੇ ਵੱਡੀ ਪੱਧਰ ’ਤੇ ਲੋਕ ਭਲਾਈ ਯੋਜਨਾਵਾਂ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉੱਥੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਗੁਰਮੀਤ ਸਿੰਘ ਆਰੇਵਾਲਾ, ਸਰਪੰਚ ਜਗਤਾਰ ਸਿੰਘ ਜੱਗਾ ਬਰਾੜ, ਅਮਨਦੀਪ ਸਿੰਘ ਸੰਧੂ ਪੀ.ਏ., ਸੁਖਵਿੰਦਰ ਸਿੰਘ ਬੱਬੂ, ਅਰੁਣ ਚਾਵਲਾ, ਸੁਖਵੰਤ ਸਿੰਘ ਪੱਕਾ, ਬਾਬੂ ਸਿੰਘ ਫਿੱਡੇ, ਗੁਰਮੀਤ ਸਿੰਘ ਧੂੜਕੋਟ, ਇੰਦਰਜੀਤ ਸਿੰਘ ਨਿਆਮੀਵਾਲਾ, ਮਾ ਕੁਲਦੀਪ ਸਿੰਘ ਮੌੜ ਸਰਪੰਚ, ਬੱਬੂ ਸਿੰਘ ਸੇਖੋਂ, ਡਾ. ਮਨਜੀਤ ਸਿੰਘ ਢਿੱਲੋਂ, ਆਰ.ਕੇ. ਵਿਜੈ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਕਾਰੀ ਕਰਮਚਾਰੀ ਅਤੇ ਹਲਕਾ ਵਾਸੀ ਵੀ ਹਾਜ਼ਰ ਸਨ।