ਸੜਕਾਂ ਦੇ ਨਿਰਮਾਣ ਅਤੇ ਰਿਪੇਅਰ ’ਤੇ ਖਰਚ ਹੋਣਗੇ ਕਰੋੜਾ ਰੁਪਏ : ਸੰਧਵਾਂ
ਕੋਟਕਪੂਰਾ, 14 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਲਕਾ ਕੋਟਕਪੂਰਾ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵੱਖ ਵੱਖ ਸੜਕ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਦੱਸਿਆ ਕਿ ਪਿੰਡ ਸੰਧਵਾਂ ਤੋਂ ਚਾਹਲ ਤੱਕ ਲਈ 223.03 ਲੱਖ ਰੁਪਏ, ਕੋਟਕਪੂਰਾ ਤੋਂ ਬਾਹਮਣਵਾਲਾ ਤੋਂ ਬਾਜ਼ੀਗਰ ਬਸਤੀ ਹੁੰਦੇ ਹੋਏ ਕੋਠੇ ਬੱਲਾਂ ਤੱਕ ਲਈ 63.80 ਲੱਖ ਰੁਪਏ, ਕੋਟਕਪੂਰਾ-ਬਠਿੰਡਾ ਰੋਡ ਤੋਂ ਕੋਟਕਪੂਰਾ-ਜੈਤੋ ਰੋਡ (23 ਫੁੱਟ ਚੌੜੀ ਸੜਕ) ਲਈ 113.37 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ/ਅਪਗਰੇਡੇਸ਼ਨ ਅਤੇ ਰਿਪੇਅਰ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਆਵਾਜਾਈ ਨੂੰ ਸੁਚਾਰੂ ਅਤੇ ਪੇਂਡੂ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲਿੰਕ ਸੜਕਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਜਿਸ ਨਾਲ ਹਾਦਸਿਆਂ ਵਿੱਚ ਕਮੀ ਆਵੇਗੀ ਅਤੇ ਖੇਤੀਬਾੜੀ, ਵਪਾਰ ਅਤੇ ਉਦਯੋਗਿਕ ਗਤੀਵਿਧੀਆਂ ਨੂੰ ਨਵਾਂ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਤਿਆਰ ਹੋਣ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਸੁਵਿਧਾ ਮਿਲੇਗੀ, ਸਮਾਂ ਅਤੇ ਪੈਸੇ ਦੀ ਬਚਤ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸੜਕਾਂ ਦੀ ਮੁਰੰਮਤ ਲਈ ਵੀ ਪਹਿਲਾਂ ਲਈ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਸਪੀਕਰ ਸੰਧਵਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਅਤੇ ਉੱਚ ਗੁਣਵੱਤਾ ਨਾਲ ਪੂਰੇ ਕੀਤੇ ਜਾਣ, ਤਾਂ ਜੋ ਆਮ ਲੋਕਾਂ ਨੂੰ ਇਸਦਾ ਪੂਰਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਹਲਕਾ ਦਾ ਸਰਬਪੱਖੀ ਵਿਕਾਸ ਹੀ ਉਨ੍ਹਾਂ ਦੀ ਮੁੱਖ ਤਰਜੀਹ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕ-ਹਿਤ ਵਿੱਚ ਅਜਿਹੇ ਹੋਰ ਵੱਡੇ ਵਿਕਾਸੀ ਕੰਮ ਲਗਾਤਾਰ ਕੀਤੇ ਜਾਣਗੇ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਸਪੀਕਰ ਸ. ਸੰਧਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕਾਂ ਇਲਾਕੇ ਦੇ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਣਗੀਆਂ। ਇਸ ਉਪਰੰਤ ਉਨ੍ਹਾਂ ਪਿੰਡ ਸੰਧਵਾਂ ਵਿਖੇ ਸਕੂਲ ਦੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਖੇਤਰ ਵਿੱਚ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਯੋਜਨਾ ਇੱਕ ਇਤਿਹਾਸਿਕ ਕਦਮ ਹੈ ਜਿਸ ਨਾਲ ਸੂਬੇ ਦੇ ਹਰੇਕ ਨਾਗਿਰਕ ਨੂੰ ਇਸ ਸਹੂਲਤ ਦਾ ਲਾਭ ਮਿਲੇਗਾ। ਇਸ ਮੌਕੇ ਪਵਨ ਮਿੱਤਲ, ਮਨਪ੍ਰੀਤ ਸਿੰਘ ਧਾਲੀਵਾਲ ਅਮਨਦੀਪ ਸਿੰਘ ਬਾਬਾ ਗੈਰੀ ਵੜਿੰਗ, ਸਿਮਰਨਜੀਤ ਸਿੰਘ ਐਮ.ਸੀ ਕੋਟਕਪੂਰਾ,ਪ੍ਰਦੀਪ ਢਿੱਲੋ ਸਰਪੰਚ,ਗੁਰਮੇਲ ਸਿੰਘ ਸਰਪੰਚ ਪਿੰਡ ਵਾਲਾ ਬਾਹਮਣ ਵਾਲਾ, ਅੰਗਰੇਜ਼ ਸਿੰਘ ਸਰਪੰਚ ਕੋਠੇ ਬੱਲਾਂ, ਹਰਦੀਪ ਸਿੰਘ ਮੈਂਬਰ ਪਿੰਡ ਬਾਹਮਣਵਾਲਾ, ਬਲਦੇਵ ਸਿੰਘ ਗੁਰਮੇਲ ਚੰਦ, ਰਜਿੰਦਰ ਕੁਮਾਰ ਲੱਡੂ, ਮਹਿੰਦਰ ਪਾਲ ਸ਼ਰਮਾ, ਹਰਿੰਦਰ ਪਾਲ ਸਿੰਘ, ਲੱਖਾ ਬਰਾੜ, ਕੁਲਦੀਪ ਸਿੰਘ ਮਾਣਕ, ਸ਼ਮਸ਼ੇਰ ਸਿੰਘ, ਹਰਪਾਲ ਸਿੰਘ ,ਰਾਜ ਕੁਮਾਰ ਸ਼ਰਮਾ, ਵੀਰ ਸਿੰਘ ਆਦਿ ਹਾਜ਼ਰ ਸਨ।

