
ਕੋਟਕਪੂਰਾ, 29 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੇ ਮੰਤਵ ਨਾਲ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੀ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਅੱਜ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਹਲਕਾ ਕੋਟਕਪੂਰਾ ਦੇ ਵੱਖ-ਵੱਖ ਸਕੂਲਾਂ ਵਿੱਚ 61.85 ਲੱਖ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਨੂੰ ਪਹਿਲੀ ਤਰਜੀਹ ਦਿੰਦਿਆਂ ਸਰਕਾਰੀ ਸਕੂਲਾਂ ਵਿੱਚ ਅਤਿ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਸਦਕਾ ਅੱਜ ਜਿਥੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ ਉਥੇ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਲੋਕਾਂ ਦਾ ਵਿਸ਼ਵਾਸ ਪੈਦਾ ਕਰਨ ਲਈ ਲੋਕ ਮਿਲਣੀਆਂ ਦੇ ਮੰਤਵ ਤਹਿਤ ਪੰਜਾਬ ਸਿੱਖਿਆ ਕਰਾਂਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਦੇ ਮਾਪੇ ਸਰਕਾਰੀ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਸਿੱਖਿਆ ਤੋਂ ਜਾਣੂ ਹੋ ਸਕਣ ਅਤੇ ਵੱਧ ਤੋਂ ਵੱਧ ਦਾਖ਼ਲੇ ਸਰਕਾਰੀ ਸਕੂਲਾਂ ਵਿਚ ਕਰਵਾਉਣ। ਇਸ ਉਪਰੰਤ ਉਨ੍ਹਾਂ ਅਧਿਆਪਕਾਂ ਨਾਲ ਵੀ ਗੱਲਬਾਤ ਕਰਦਿਆਂ ਆਖਿਆ ਕਿ ਅਧਿਆਪਕ ਬਹੁਤ ਮਿਹਨਤੀ ਹਨ ਤੇ ਉਨ੍ਹਾਂ ਦੇ ਕੰਮਕਾਜ ’ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਸਪੀਕਰ ਸੰਧਵਾਂ ਨੇ ਸਰਕਾਰੀ ਹਾਈ ਸਕੂਲ ਢੀਮਾਂਵਾਲੀ ਵਿਖੇ 15.52 ਲੱਖ ਦੀ ਲਾਗਤ ਨਾਲ ਵਰਾਂਡਿਆਂ ਦੇ ਫਰਸ਼ ਅਤੇ ਸਾਇੰਸ ਲੈਬ ਆਦਿ ਦੇ ਕੰਮਾਂ ਦਾ ਉਦਘਾਟਨ ਕੀਤਾ। ਇਸੇ ਤਰ੍ਹਾਂ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਢੀਮਾਂਵਾਲੀ ਵਿਖੇ 14.95 ਲੱਖ ਦੀ ਲਾਗਤ ਨਾਲ ਅਡੀਸ਼ਨਲ ਕਲਾਸਰੂਮ, ਚਾਰਦੀਵਾਰੀ ਦੀ ਰਿਪੇਅਰ ਦੇ ਕੰਮਾਂ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਵਾਰਡ ਨੰ-12 ਵਿਖੇ 19.83 ਲੱਖ ਦੀ ਲਾਗਤ ਨਾਲ ਮੇਜਰ ਰਿਪੇਅਰ, ਚਾਰਦੀਵਾਰੀ, ਕਮਰੇ ਆਦਿ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਕਿਲ੍ਹਾ ਕੋਟਕਪੂਰਾ ਵਿਖੇ 2 ਲੱਖ ਦੀ ਗਰਾਂਟ ਨਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜੀਵਨ ਨਗਰ ਕੋਟਕਪੂਰਾ ਵਿਖੇ 9.55 ਲੱਖ ਦੀ ਲਾਗਤ ਨਾਲ ਨਵੇਂ ਕਮਰਿਆਂ ਦੀ ਉਸਾਰੀ ਦੇ ਕੰਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਅੰਜਨਾ ਕੌਂਸਲ ਜ਼ਿਲ੍ਹਾ ਸਿੱਖਿਆ ਅਫ਼ਸਰ, ਡਿਪਟੀ ਡੀ.ਈ.ਓ. ਪਵਨ ਕੁਮਾਰ, ਸੁਰਜੀਤ ਸਿੰਘ ਬੀਪੀਈਓ ਕੋਟਕਪੂਰਾ, ਪ੍ਰਿੰਸੀਪਲ ਪ੍ਰਭਜੋਤ ਸਿੰਘ, ਪ੍ਰਿੰਸੀਪਲ ਤੇਜਿੰਦਰ ਸਿੰਘ, ਮਾਸਟਰ ਹਰਦੀਪ ਸਿੰਘ, ਮਾਸਟਰ ਜਸਵਿੰਦਰ ਸਿੰਘ, ਅਰੁਨ ਸਿੰਗਲਾ ਸ਼ਹਿਰੀ ਪ੍ਰਧਾਨ ਕੋਟਕਪੂਰਾ, ਨਾਮਵਰ ਸਿੰਘ, ਜਗਦੇਵ ਸਿੰਘ ਮਾਸਟਰ, ਬਲਵੀਰ ਸਿੰਘ, ਹਾਕਮ ਸਿੰਘ, ਪਰਮਿੰਦਰ ਸਿੰਘ, ਚਮਕੌਰ ਸਿੰਘ, ਇਕਬਾਲ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ, ਗੁਰਮੇਲ ਸਿੰਘ, ਸਤਨਾਮ ਸਿੰਘ, ਸੁਖਵੀਰ ਸਿੰਘ, ਸਤਪਾਲ ਸਿੰਘ ਆਦਿ ਹਾਜ਼ਰ ਸਨ।