ਕੋਟਕਪੂਰਾ, 22 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਰਵਾਏ ਗਏ 20ਵੇਂ ਹੈਂਡਬਾਲ ਲੀਗ ਟੂਰਨਾਮੈਂਟ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਸਪੀਕਰ ਸੰਧਵਾਂ ਨੇ ਕਿਹਾ ਕਿ ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਨੌਜਵਾਨਾਂ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾ ਕੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਉਥੇ ਹੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਕਰਵਾਉਣਾ ਬਹੁਤ ਹੀ ਪ੍ਰਸ਼ੰਸ਼ਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਨਹਿਰੂ ਸਟੇਡੀਅਮ ਨੂੰ ਹੋਰ ਵੀ ਵਧੀਆ ਬਣਾਉਣ ਲਈ ਜੋ ਕਮੀਆਂ ਰਹਿੰਦੀਆਂ ਹਨ, ਉਸ ਲਈ ਬਜਟ ਐਸਟੀਮੇਟ ਬਣਾ ਕੇ ਦੱਸਿਆ ਜਾਵੇ। ਇਸ ਮੌਕੇ ਜੇਤੂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਉਨ੍ਹਾਂ ਨੂੰ ਇਨਾਮ ਵੀ ਵੰਡੇ ਗਏ। ਇਸ ਮੌਕੇ ਉਨ੍ਹਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਗਰੀਨ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਜਾਵੇ। ਪਟਾਖੇ ਚਲਾਉਣ ਤੋਂ ਪ੍ਰਹੇਜ ਕੀਤਾ ਜਾਵੇ, ਉਹੀ ਪੈਸਾ ਆਪਣੀ ਚੰਗੀ ਸਿਹਤ ਲਈ ਚੰਗੀ ਖੁਰਾਕ ਤੇ ਖਰਚ ਕੀਤਾ ਜਾਵੇ। ਵਿਧਾਇਕ ਸੇਖੋਂ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਕਾਰਨ ਕੁਝ ਸਮਾਂ ਸਾਡੇ ਨੌਜਵਾਨ ਖੇਡਾਂ ਤੋਂ ਦੂਰ ਰਹੇ ਹਨ ਪਰ ਹੁਣ ਫਿਰ ਤੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਟੂਰਨਾਮੈਂਟ ਕਰਵਾਏ ਜਾਣਗੇ ਅਤੇ ਨਹਿਰੂ ਸਟੇਡੀਅਮ ਵਿਖੇ ਹੋਰ ਜੋ ਕਮੀਆਂ ਹਨ, ਉਹ ਦੂਰ ਕੀਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹੇ ਦੇ ਵਿਕਾਸ ਲਈ ਜਿੰਨੇ ਵੀ ਫੰਡ ਦਿੱਤੇ ਗਏ ਉਹ ਵਿਕਾਸ ਦੇ ਕੰਮਾ ਤੇ ਲਾਏ ਗਏ ਅਤੇ ਹੋਰ ਵੀ ਜੋ ਫੰਡ ਪ੍ਰਾਪਤ ਹੋਣਗੇ, ਉਹ ਵੀ ਹਲਕੇ ਦੇ ਵਿਕਾਸ ਅਤੇ ਖੇਡ ਦੇ ਗਰਾਊਂਡ ਬਣਾਉਣ ਤੇ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦੀ ਤੰਦਰੁਸਤੀ ਲਈ ਬਹੁਤ ਜਰੂਰੀ ਹਨ। ਖੇਡਾਂ ਨਾਲ ਸਾਡੀ ਸਿਹਤ ਨਿਰੋਗ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਕ ਚੰਗਾ ਖਿਡਾਰੀ ਜਦੋਂ ਇਕ ਵਧੀਆ ਚੋਟੀ ਦਾ ਖਿਡਾਰੀ ਬਣ ਜਾਂਦਾ ਹੈ ਤਾਂ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਦਾ ਹੈ। ਇਸ ਮੌਕੇ ਐਡਵੋਕੋਟ ਬੀਰਇੰਦਰ ਸਿੰਘ ਸੰਧਵਾਂ, ਸ.ਸੁਖਜੀਤ ਸਿੰਘ ਢਿਲਵਾਂ, ਸੁਖਵੰਤ ਸਿੰਘ ਪੱਕਾ, ਕਲੱਬ ਪ੍ਰਧਾਨ ਸ. ਜਸਵਿੰਦਰ ਸਿੰਘ ਰੋਮਾਣਾ, ਸੈਕਟਰੀ ਸ. ਗੁਰਜੰਟ ਸਿੰਘ, ਖਜਾਨਚੀ ਚਰਨਜੀਤ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ, ਜਸਪਾਲ ਸਿੰਘ ਬਰਾੜ, ਅਜੀਤ ਸਿੰਘ ਸੋਢੀ, ਡੀਐਸਪੀ ਨਵੀਨ ਕੁਮਾਰ, ਸੁਨੀਲ ਕੁਮਾਰ, ਗੁਰਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜਰ ਸਨ।
