ਗੁਰਪ੍ਰੀਤ ਸਿੰਘ ਦਾ ਸਾਈਕਲ ਚਲਾਉਣ ਦਾ ਰਿਕਾਰਡ ਏਸ਼ੀਆ ਬੁੱਕ ਆਫ਼ ਰਿਕਾਰਡ ਅਤੇ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਦਰਜ ਹੈ
ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਾਲਵਾ ਖੇਤਰ ਦੀ ਪ੍ਰਸਿੱਧ ਕੋਟਕਪੂਰਾ ਸਾਈਕਲ ਰਾਈਡਰਜ਼ (ਰਜਿ:) ਕਲੱਬ ਦੇ ਮੈਂਬਰ ਗੁਰਪ੍ਰੀਤ ਸਿੰਘ ਕਮੋਂ ਨੂੰ ਸਾਈਕਲਿੰਗ ਜ਼ਰੀਏ ਡੇਢ ਲੱਖ ਕਿਲੋਮੀਟਰ (1,50,000) ਸਫ਼ਰ ਪੂਰਾ ਕਰਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਦਿਆਂ ਕਿਹਾ ਕਿ ਪੂਰੇ ਇਲਾਕੇ ਨੂੰ ਗੁਰਪ੍ਰੀਤ ਸਿੰਘ ਕਮੋਂ ਦੀ ਇਸ ਪ੍ਰਾਪਤੀ ‘ਤੇ ਮਾਣ ਹੈ, ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਕਮੋਂ ਪਿਛੇ 5-6 ਸਾਲਾਂ ਤੋਂ ਸਾਈਕਲਿੰਗ ਦੇ ਖੇਤਰ ਵਿੱਚ ਸਰਗਰਮ ਹਨ ਅਤੇ ਉਹਨਾਂ ਵੱਲੋਂ ਲਗਾਤਾਰ 100 ਦਿਨ 100 ਕਿਲੋਮੀਟਰ ਸਾਈਕਲ ਚਲਾਉਣ ਦਾ ਰਿਕਾਰਡ ਏਸ਼ੀਆ ਬੁੱਕ ਆਫ਼ ਰਿਕਾਰਡ ਅਤੇ ਇੰਡੀਆ ਬੁੱਕ ਆਫ਼ ਰਿਕਾਰਡ ਦਰਜ ਹਨ। ਸਪੀਕਰ ਸੰਧਵਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਕਮੋਂ ਨੇ ਹੁਣ ਤੱਕ 50 ਦੇ ਕਰੀਬ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਫ਼ਰੀਦਕੋਟ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ, ਇਸਦੇ ਨਾਲ ਹੀ ਗੁਰਪ੍ਰੀਤ ਸਿੰਘ ਕਮੋਂ ਨੂੰ ਸੁਪਰ ਰੈਨੇਡੋਅਰ ਦਾ ਖ਼ਿਤਾਬ ਵੀ ਹਾਸਲ ਹੈ, ਇਹਨਾਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਗੁਰਪ੍ਰੀਤ ਸਿੰਘ ਕਮੋਂ ਨੂੰ ਸਟਾਰ ਇਡੀਪੈਂਡੈਟ ਐਵਾਰਡ, ਉਸਿਸ ਕੰਪਨੀ ਵੱਲੋਂ ਭਾਰਤੀਆ ਰਤਨ ਐਵਾਰਡ ਅਤੇ ਪੰਜਾਬ ਵਿਧਾਨ ਸਭਾ ਤੋਂ ਵੀ ਸਨਮਾਨਿਆ ਗਿਆ ਹੈ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਸੀਂ ਚੰਗੀ ਸਿਹਤਮੰਦ ਜ਼ਿੰਦਗੀ ਬਤੀਤ ਕਰਨੀ ਚਾਹੰਦੇ ਹਾਂ ਤਾਂ ਸਾਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸੈਰ, ਕਸਰਤ ਜਾਂ ਸਾਈਕਲ ਚਲਾਉਣ ਦੀ ਆਦਤ ਪਾਉਣੀ ਚਾਹੀਦੀ ਹੈ, ਗੁਰਪ੍ਰੀਤ ਸਿੰਘ ਕਮੋਂ ਦੀਆਂ ਇਹ ਪ੍ਰਾਪਤੀਆਂ ਬੱਚਿਆਂ ਅਤੇ ਨੋਜਵਾਨਾਂ ਲਈ ਪ੍ਰੇਰਨਾਦਾਇਕ ਹਨ, ਜੋ ਇਹ ਦਰਸਾਉਂਦੀਆਂ ਹਨ ਕਿ ਜੇ ਤੁਹਾਡੇ ਕੋਲ ਜਿੱਤਣ ਜਾਂ ਕੋਈ ਵੀ ਟੀਚਾ ਹਾਸਿਲ ਕਰਨ ਦਾ ਦ੍ਰਿੜ ਇਰਾਦਾ ਹੈ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਅਤੇ ਇਸ ਲਈ ਉਮਰ ਵੀ ਮਾਇਨੇ ਵੀ ਰੱਖਦੀ, ਅਜਿਹੇ ਕੀਰਤੀਮਾਨ ਬਣਾਉਣੇ ਪਰਿਵਾਰ ਦੇ ਸਹਿਯੋਗ ਅਤੇ ਚੰਗੀ ਟੀਮ ਤੋਂ ਬਿਨ੍ਹਾਂ ਅਸੰਭਵ ਹਨ। ਅੰਤ ਵਿੱਚ ਕੁਲਤਾਰ ਸਿੰਘ ਸੰਧਵਾਂ ਨੇ ਗੁਰਪ੍ਰੀਤ ਸਿੰਘ ਕਮੋਂ ਅਤੇ ਇਹਨਾਂ ਦੀ ਕੋਟਕਪੂਰਾ ਸਾਈਕਲ ਰਾਈਡਰਜ਼ ਟੀਮ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

