*ਆਪਣੀ ਇਕ ਮਹੀਨੇ ਦੀ ਤਨਖਾਹ ਅਤੇ 10 ਲੱਖ ਰੁਪਏ ਡੀਜ਼ਲ ਸੇਵਾ ਲਈ ਦੇਣ ਦਾ ਐਲਾਨ*
ਕੋਟਕਪੂਰਾ, 29 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਰਹਿਣ ਵਾਲੀਆਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਰਗੀਆਂ ਅਨੇਕਾਂ ਸੰਸਥਾਵਾਂ/ਜਥੇਬੰਦੀਆਂ ਨਾਲ ਜੁੜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਹੜ ਪੀੜਤਾਂ ਦੀ ਮੱਦਦ ਵਾਲੇ ਸੇਵਾ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ ਹੈ। ਸਪੀਕਰ ਸੰਧਵਾਂ ਨੇ ਆਖਿਆ ਕਿ ਦੁੱਖ ਦੀ ਘੜੀ ਵਿੱਚ ਕਿਸੇ ਦੀ ਬਾਂਹ ਫੜਨ ਦੀ ਪ੍ਰੇਰਨਾ ਸਾਡੇ ਗੁਰੂਆਂ ਤੋਂ ਮਿਲਦੀ ਰਹੀ ਹੈ, ਇਸੇ ਪ੍ਰੇਰਨਾ ਸਹਿਤ ਪੰਜਾਬ ਦੇ ਕਾਫੀ ਹਿੱਸਿਆਂ ਵਿੱਚ ਹੜ ਆਉਣ ਕਰਕੇ ਉੱਥੋਂ ਦੀ ਵਸੋਂ, ਇਨਸਾਨੀ ਜੀਵ, ਜਾਨਵਰ, ਫਸਲਾਂ ਸਮੇਤ ਹਰ ਤਰ੍ਹਾਂ ਦੀ ਬਨਸਪਤੀ ਪ੍ਰਭਾਵਿਤ ਹੋਈ ਹੈ। ਸਪੀਕਰ ਸੰਧਵਾਂ ਨੇ ਹੜ ਪੀੜਤਾਂ ਦੀ ਸਹਾਇਤਾ ਲਈ ਤਿਲਫੁਲ ਯੋਗਦਾਨ ਪਾਉਣ ਵਾਸਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਸੁਹਿਰਦ ਸੱਜਣਾ ਨੂੰ ਅਪੀਲ ਕੀਤੀ ਹੈ ਕਿ ਉਹ 2 ਸਤੰਬਰ ਦਿਨ ਮੰਗਲਵਾਰ ਤੋਂ ਪਹਿਲਾਂ ਪਹਿਲਾਂ ਰਾਸ਼ਨ, ਦਵਾਈਆਂ, ਪਾਣੀ, ਪਸ਼ੂਆਂ ਲਈ ਅਚਾਰ, ਫੀਡ, ਆਟਾ ਥੈਲੀਆਂ, ਦਾਲਾਂ ਸਮੇਤ ਜਿਸ ਤਰ੍ਹਾਂ ਦਾ ਵੀ ਕੋਈ ਯੋਗਦਾਨ ਪਾ ਸਕਦਾ ਹੈ, ਜਰੂਰ ਪਾਵੇ। ਉਹਨਾ ਦੱਸਿਆ ਕਿ ਸੇਵਾ ਕਾਰਜਾਂ ਲਈ ਯੋਗਦਾਨ ਪਾਉਣ ਅਤੇ ਵਲੰਟੀਅਰ ਤੌਰ ’ਤੇ ਸੇਵਾ ਲਈ ਜਾਣ ਵਾਸਤੇ ਸ੍ਰ. ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ (98142-26862) ਅਤੇ ਸ੍ਰ ਮੇਹਰ ਸਿੰਘ ਚੰਨੀ (95011-00225) ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। ਚੇਅਰਮੈਨ ਗੁਰਮੀਤ ਸਿੰਘ ਅਤੇ ਮੇਹਰ ਸਿੰਘ ਚੰਨੀ ਨੇ ਦੱਸਿਆ ਕਿ ਸਪੀਕਰ ਸੰਧਵਾਂ ਵੱਲੋਂ ਪਹਿਲਾਂ ਕੀਤੇ ਐਲਾਨ ਅਨੁਸਾਰ ਦਰਿਆ ਦੇ ਨਾਲ ਲੱਗਦੇ ਬੰਨ੍ਹਾਂ ਨੂੰ ਮਜਬੂਤ ਕਰਨ ਲਈ ਡੀਜ਼ਲ ਸੇਵਾ ਵਾਸਤੇ 10 ਲੱਖ ਰੁਪਏ ਦੀ ਰਕਮ ਭੇਜੀ ਜਾ ਚੁੱਕੀ ਹੈ ਤੇ ਉਹ ਫਿਰ ਵੀ ਹੜ ਪੀੜਤ ਪਰਿਵਾਰਾਂ ਨਾਲ ਹਮਦਰਦੀ ਰੱਖਦੇ ਹੋਏ ਬਕਾਇਦਾ ਟੀਮਾ ਦਾ ਗਠਨ ਕਰ ਰਹੇ ਹਨ, ਜੋ ਨਿੱਤ ਵਰਤੋਂ ਵਾਲਾ ਸਮਾਨ ਅਤੇ ਪਸ਼ੂਆਂ ਦਾ ਚਾਰਾ ਹੜ ਪੀੜਤਾਂ ਨੂੰ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਰਹਿਣਗੇ।