ਸੰਗਰੂਰ 17 ਮਾਰਚ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਸਭਿਆਚਾਰਕ ਸਭਾ ਅਤੇ ਲੋਕ ਨਾਟਕ ਮੰਡਲੀ ਲਹਿਰਾਗਾਗਾ ਦੇ ਮੁੱਢਲੇ ਮੈਂਬਰ ਅਜਾਇਬ ਸਿੰਘ ਰਟੋਲਾ਼ਂ ਦੀ ਬੇਵਕਤ ਮੌਤ ਉੱਤੇ ਅਫਸੋਸ ਪ੍ਰਗਟ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਭੁਟਾਲ, ਮਾਲਵਾ ਹੇਕ ਦੇ ਸੰਚਾਲਕ ਜਗਦੀਸ਼ ਪਾਪੜਾ, ਤਰਕਸ਼ੀਲ ਸੁਸਾਇਟੀ ਦੇ ਆਗੂ ਮਾਸਟਰ ਪਰਮਵੇਦ,ਨਾਇਬ ਸਿੰਘ ਰਟੋਲਾ਼ਂ, ਸੱਭਿਆਚਾਰਕ ਮੰਚ ਛਾਜਲੀ ਦੇ ਸਕੱਤਰ ਜਸਬੀਰ ਲਾਡੀ ਅਤੇ ਲੋਕ ਚੇਤਨਾ ਮੰਚ ਲਹਿਰਾਗਾਗਾ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਉਨ੍ਹਾਂ ਕਿਹਾ ਕਿਹਾ ਅਜਾਇਬ ਸਿੰਘ ਰਟੋਲਾ਼ਂ ਨੇ ਜਿੱਥੇ ਸਹਿਕਾਰਤਾ ਵਿਭਾਗ ਵਿਭਾਗ ਵਿੱਚ ਲੰਮਾਂ ਸਮਾਂ ਨੌਕਰੀ ਕਰਦਿਆਂ ਇੱਕ ਇਮਾਨਦਾਰ ਮੁਲਾਜ਼ਮ ਹੋਣ ਦਾ ਸਬੂਤ ਦਿੱਤਾ ਉੱਥੇ ਉਹ ਸਾਰੀ ਉਮਰ ਲੋਕ ਪੱਖੀ ਲਹਿਰਾਂ ਦਾ ਸਰਗਰਮ ਸੰਗੀ ਸਾਥੀ ਰਿਹਾ। ਨੌਜਵਾਨ ਭਾਰਤ ਸਭਾ ਦੀ ਚੜ੍ਹਤ ਦੇ ਦੌਰ ਵਿੱਚ ਉਹ ਲੋਕ ਨਾਟਕ ਮੰਡਲੀ ਲਹਿਰਾਗਾਗਾ ਵਿੱਚ ਇੱਕ ਹੋਣਹਾਰ ਅਦਾਕਾਰ ਦੇ ਤੌਰ ਤੇ ਪਿੰਡਾਂ ਦੀਆਂ ਸਟੇਜਾਂ ਦਾ ਸ਼ਿੰਗਾਰ ਰਿਹਾ। ਪਗੜੀ ਸੰਭਾਲ ਜੱਟਾ,ਮਸਲਾ ਰੋਟੀ ਦਾ, ਇੱਕ ਲੜਾਈ ਇੱਕ ਸਮਝੌਤਾ, ਫਾਂਸੀ ਦੇ ਤਖ਼ਤੇ ਤੋਂ ਅਤੇ ਪਿਰਥੀਪਾਲ ਰੰਧਾਵਾ ਦੀ ਜ਼ਿੰਦਗੀ ਉੱਤੇ ਆਧਾਰਿਤ ‘ਪਿਰਥੀ ਤੇਰਾ ਕਾਜ ਅਧੂਰਾ’ ਨਾਟਕਾਂ ਵਿੱਚ ਉਸ ਨੇ ਦਰਸ਼ਕਾਂ ਦੇ ਦਿਲਾਂ ਉੱਤੇ ਡੂੰਘੀ ਛਾਪ ਛੱਡਣ ਵਾਲੇ ਯਾਦਗਾਰੀ ਰੋਲ ਨਿਭਾਏ।
ਅਜਾਇਬ ਸਿੰਘ ਰਟੋਲਾ਼ਂ ਜਿੱਥੇ ਵੱਡੇ ਪਰਿਵਾਰ ਦੀ ਅਗਵਾਈ ਕਰਦਿਆਂ ਅਗਾਂਹਵਧੂ ਕਿਸਾਨ ਦੀ ਮਿਸਾਲ ਸੀ ਉੱਥੇ ਉਹ ਤਰਕਸ਼ੀਲ ਸੁਸਾਇਟੀ ਵਿੱਚ ਵੀ ਸਰਗਰਮ ਸੀ ਅਤੇ ਜਮਹੂਰੀ ਅਧਿਕਾਰ ਸਭਾ ਦੇ ਹਰ ਸਮਾਗਮ ਵਿੱਚ ਸ਼ਾਮਲ ਹੁੰਦਾ ਸੀ।
ਆਗੂਆਂ ਨੇ ਕਿਹਾ ਕਿ ਅਜਾਇਬ ਸਿੰਘ ਰਟੋਲਾ਼ਂ ਦੇ ਅਚਾਨਕ ਵਿਛੋੜੇ ਨਾਲ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉੱਥੇ ਅਗਾਂਹਵਧੂ ਲਹਿਰ ਅਤੇ ਤਰਕਸ਼ੀਲ ਸੁਸਾਇਟੀ ਕੋਲ਼ੋਂ ਇੱਕ ਸੁਹਿਰਦ ਅਤੇ ਸਰਗਰਮ ਕਾਮਾ ਵੀ ਖੁੱਸ ਗਿਆ ਹੈ।
ਅਜਾਇਬ ਸਿੰਘ ਰਟੋਲਾ਼ਂ ਨਮਿਤ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 18 ਮਾਰਚ ਦਿਨ ਮੰਗਲਵਾਰ ਨੂੰ ਉਨ੍ਹਾਂ ਦੇ ਪਿੰਡ ਰਟੋਲਾ਼ਂ (ਸੰਗਰੂਰ) ਵਿਖੇ ਹੋਵੇਗੀ।

