ਗੀਤਾਂ ’ਚ ਅਸ਼ਲੀਲਤਾ, ਨਸ਼ਿਆਂ ਅਤੇ ਹਿੰਸਾ ਨੇ ਨੌਜਵਾਨੀ ਦਾ ਵਿਗਾੜਿਆ ਅਕਸ!
ਕੋਟਕਪੂਰਾ, 14 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਿਨ-ਬ-ਦਿਨ ਗੀਤਾਂ ’ਚ ਵੱਧ ਰਹੀ ਅਸ਼ਲੀਲਤਾ, ਹਿੰਸਾ ਅਤੇ ਨਸ਼ਿਆਂ ਦੇ ਰੁਝਾਨ ਨੇ ਪੰਜਾਬੀ ਸਮਾਜ ਦਾ ਅਕਸ ਵਿਗਾੜ ਕੇ ਰੱਖ ਦਿੱਤਾ ਹੈ। ਉਕਤ ਮਾਮਲੇ ਦਾ ਦੁਖਦਾਇਕ ਅਤੇ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਇਨ੍ਹਾਂ ਹੌਛੇ ਜਿਹੇ ਗਾਇਕਾਂ ਨੂੰ ਨੌਜਵਾਨ ਆਪਣੇ ਰੋਲ ਮਾਡਲ ਬਣਾ ਰਹੇ ਹਨ ਤੇ ਆਪਣੀ ਜਿੰਦਗੀ ਵਿੱਚ ਨਿਘਾਰ ਲਿਆ ਰਹੇ ਹਨ, ਕਿਉਂਕਿ ਵਿਆਹ-ਸ਼ਾਦੀਆਂ ਜਾਂ ਹੋਰ ਖੁਸ਼ੀ ਦੇ ਸਮਾਗਮਾਂ ਮੌਕੇ ਸਾਡੀ ਮਾਨਸਿਕਤਾ ਇਨ੍ਹਾਂ ਮਾੜੇ ਗੀਤਾਂ ਨੂੰ ਸੁਣਨ ਦੀ ਹੋ ਗਈ ਹੈ ਤੇ ਅਸੀਂ ਮਾੜੇ ਚੰਗੇ ਦੀ ਚੋਣ ਕਰਨ ’ਚ ਅਸਫਲ ਹੋ ਰਹੇ ਹਾਂ। ਸਾਨੂੰ ਇਹ ਸੋਝੀ ਵੀ ਨਹੀਂ ਰਹੀ ਕਿ ਕਿਹੜਾ ਗੀਤ ਸਾਡੇ ਲਈ ਸੇਧ ਵਾਲਾ ਹੈ ਅਤੇ ਕਿਹੜਾ ਸਾਡੇ ਧੀਆਂ-ਪੁੱਤਾਂ ਨੂੰ ਕੁਰਾਹੇ ਪਾ ਰਿਹਾ ਹੈ। ਭਾਵੇਂ ਸੰਗੀਤ ਮਨ ਨੂੰ ਸਕੂਲ ਦਿੰਦਾ ਹੈ ਪਰ ਹੁਣ ਅਸੀਂ ਉਸ ਸਕੂਨ ਤੋਂ ਵਾਂਝੇ ਹੁੰਦੇ ਜਾਂ ਰਹੇ ਹਾਂ, ਜਿਸ ਦੇ ਨਤੀਜੇ ਹਾਨੀਕਾਰਕ ਹੋਣਗੇ। ਇਸ ਬਾਰੇ ਸਾਡੇ ਇਲਾਕੇ ਦੇ ਬੁੱਧੀਜੀਵੀ, ਵਿਦਵਾਨਾ ਅਤੇ ਚਿੰਤਕਾਂ ਦੀ ਕੀ ਰਾਇ ਹੈ?
ਐਡਵੋਕੇਟ ਅਜੀਤ ਵਰਮਾ ਨੇ ਆਖਿਆ ਕਿ ਕੁਝ ਗੀਤਕਾਰਾਂ-ਗਾਇਕਾਂ ਨੇ ਅਸ਼ਲੀਲ ਗੀਤ ਲਿਖ ਤੇ ਜਾਂ ਗਾ ਕੇ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਦਿੱਤਾ ਹੈ। ਲੱਚਰ ਗਾਇਕੀ ਨੇ ਜਿੱਥੇ ਪੰਜਾਬੀ ਸੱਭਿਆਚਾਰ ਨੂੰ ਗੰਧਲਾ ਕੀਤਾ ਹੈ, ਉੱਥੇ ਪੁਰਾਣੇ ਲੋਕ ਤੱਥ ਤੇ ਲੋਕ ਬੋਲੀਆਂ, ਸਿੱਠਣੀਆਂ, ਲੋਕ ਵਾਰਾਂ ਪੰਜਾਬੀਆਂ ਦੀ ਨਵੀਂ ਪੀੜ੍ਹੀ ਦੇ ਮਨ ’ਚੋਂ ਅਲੋਪ ਹੋ ਰਹੀਆਂ ਹਨ। ਉਨਾਂ ਆਖਿਆ ਕਿ ਅਸ਼ਲੀਲਤਾ ਕਰਕੇ ਹੀ ਬਲਾਤਕਾਰ, ਤਲਾਕ, ਨਸ਼ੇ, ਨਜਾਇਜ ਰਿਸ਼ਤਿਆਂ ਕਾਰਨ ਕਤਲਾਂ ਵਰਗੀਆਂ ਘਟਨਾਵਾਂ ਵੱਧ ਰਹੀਆਂ ਹਨ। ਗੀਤ ‘ਕੰਡਿਆਂ ਦਾ ਕੀ ਦੋਸ਼, ਦੋਸ਼ ਤਾਂ ਤੁਰਨੇ ਵਾਲੇ ਦਾ’, ਸਾਨੂੰ ਕਾਫੀ ਸਵਾਲਾਂ ਦੇ ਜਵਾਬ ਦਿੰਦਾ ਹੈ ਕਿ ਦੋਸ਼ ਇਕੱਲਾ ਗੀਤ ਲਿਖਣ ਤੇ ਗਾਉਣ ਵਾਲੇ ਦਾ ਨਹੀਂ, ਲੱਚਰ ਗੀਤ ਨੂੰ ਸੁਣਨ ਵਾਲੇ ਦਾ ਵੀ ਬਰਾਬਰ ਹੁੰਦਾ ਹੈ।
ਐਡਵੋਕੇਟ ਆਸ਼ੀਸ਼ ਗਰੋਵਰ ਨੇ ਕਿਹਾ ਕਿ ਪਹਿਲਾਂ ਪੰਜਾਬੀ ਗੀਤਾਂ ਦੇ ਸਰੋਤੇ ਪੰਜਾਬ ਤੱਕ ਹੀ ਸੀਮਤ ਸਨ ਪਰ ਹੁਣ ਪੰਜਾਬੀ ਸੰਗੀਤ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਵਲੋਂ ਸੁਣਿਆ ਜਾਂਦਾ ਹੈ। ਕਿਉਂਕਿ ਸਿਖਰਲੇ ਭਾਰਤੀ ਗੀਤਾਂ ’ਚੋਂ ਜਿਆਦਾਤਰ ਪੰਜਾਬੀ ਗੀਤ ਹੀ ਪੰਜਾਬੀਆਂ ਦੀ ਪਹਿਲੀ ਪਸੰਦ ਹਨ। ਜਿਉਂ-ਜਿਉਂ ਪੰਜਾਬੀ ਸੰਗੀਤ ਜਗਤ ਦਾ ਘੇਰਾ ਵਧਦਾ ਗਿਆ, ਇਸ ਵਿੱਚ ਨਿਘਾਰ ਆ ਰਿਹਾ ਹੈ। ਅੱਜ ਜਿਆਦਾਤਰ ਪੰਜਾਬੀ ਗੀਤ ਹਥਿਆਰਾਂ, ਮਹਿੰਗੀਆਂ ਕਾਰਾਂ, ਮੋਟਰਸਾਈਕਲਾਂ ਅਤੇ ਸ਼ਰਾਬ ਦੇ ਪ੍ਰਚਾਰ ਸਾਧਨ ਬਣ ਕੇ ਰਹਿ ਗਏ ਹਨ, ਜੋ ਨੌਜਵਾਨਾਂ ਨੂੰ ਐਸ਼ਪ੍ਰਸਤੀ ਵੱਲ ਲਿਜਾ ਰਹੇ ਹਨ। ਜਿਹੜੇ ਗਾਇਕ ਮਿਆਰੀ ਤੇ ਸੱਭਿਆਚਾਰਕ ਗਾਉਂਦੇ ਹਨ, ਉਨ੍ਹਾਂ ਦੀ ਗਿਣਤੀ ਬਹੁਤ ਥੋੜੀ ਰਹਿ ਗਈ ਹੈ। ਉਹਨਾਂ ਦੀ ਗਿਣਤੀ ਘਟਣ ਕਾਰਨ ਹੀ ਪੰਜਾਬੀ ਸੱਭਿਆਚਾਰ ਗੀਤਾਂ ’ਚੋਂ ਲਗਭਗ ਗਾਇਬ ਹੈ।
ਗੁਰਮੀਤ ਸਿੰਘ ਪ੍ਰਜਾਪਤੀ ਨੇ ਨਸੀਅਤ ਦਿੰਦਿਆਂ ਆਖਿਆ ਕਿ ਪੰਜਾਬੀ ਗਾਇਕੀ ਅਜਿਹੀ ਹੋਣੀ ਚਾਹੀਦੀ ਹੈ, ਜਿਸ ਵਿੱਚੋਂ ਪੰਜਾਬੀਅਤ ਦੀ ਝਲਕ ਮਿਲੇ ਪਰ ਅੱਜ ਦੇ ਗੀਤਾਂ ਨੂੰ ਸੁਣ ਕੇ ਲੱਗਦਾ ਹੀ ਨਹੀਂ ਕਿ ਉਹਨਾ ਵਿੱਚ ਪੰਜਾਬ ਜਾਂ ਵਿਰਸੇ ਦੀ ਗੱਲ ਹੋ ਰਹੀ ਹੈ। ਅੱਜ ਕੱਲ ਦੇ ਗਾਇਕ ਪੈਸੇ ਤੇ ਪ੍ਰਸਿੱਧੀ ਲਈ ਲੱਚਰ ਗਾਣੇ ਸਮਾਜ ਅੱਗੇ ਪਰੋਸ ਰਹੇ ਹਨ। ਅਜਿਹੇ ਗੀਤ ਵੇਖਣ ਤੇ ਸੁਣਨ ਵਾਲੇ ਵੀ ਸੋਚਦੇ ਹੋਣਗੇ ਕਿ ਪੰਜਾਬ ਵਿੱਚ ਅਜਿਹਾ ਕੁਝ ਹੀ ਵਾਪਰਦਾ ਹੋਣੈ? ਪੰਜਾਬੀ ਗਾਇਕਾਂ ਨੂੰ ਅਜਿਹੇ ਗਾਣੇ ਲਿਖਣੇ ਤੇ ਗਾਉਣੇ ਚਾਹੀਦੇ ਹਨ, ਜਿੰਨ੍ਹਾਂ ਵਿੱਚ ਸਾਨੂੰ ਪੰਜਾਬੀਅਤ ਤੇ ਪੰਜਾਬ ਦੀ ਝਲਕ ਮਿਲੇ। ਗੀਤ ਤਾਂ ਅਜਿਹੇ ਹੋਣੇ ਚਾਹੀਦੇ ਹਨ, ਜੋ ਰੂਹ ਨੂੰ ਸਕੂਨ ਵੀ ਦੇਣ ਤੇ ਆਉਣ ਵਾਲੀ ਪੀੜ੍ਹੀ ਵੀ ਆਪਣੇ ਵਿਰਸੇ ਤੋਂ ਜਾਣੂ ਹੋ ਸਕੇ।
ਵਿਸ਼ਾਲ ਕੁਮਾਰ ਪ੍ਰਜਾਪਤੀ ਦਾ ਕਹਿਣਾ ਹੈ ਕਿ ਅੱਜ ਦੇ ਗੀਤ ਸ਼ੋਸ਼ੇਬਾਜੀ ਨੂੰ ਹੁਲਾਰਾ ਦਿੰਦੇ ਹਨ। ਇਸ ਵਿੱਚ ਗਲਤੀ ਦੋਵੇਂ ਧਿਰਾਂ ਦੀ ਹੈ, ਕਿਉਂਕਿ ਕਲਾਕਾਰ ਨਾਮ ਕਮਾਉਣ ਲਈ ਅਜਿਹੇ ਗੀਤ ਬਣਾਉਂਦੇ ਹਨ ਤੇ ਲੋਕ ਆਪਣਾ ਝੱਸ ਪੂਰਾ ਕਰਨ ਜਾਂ ਅਜਿਹੇ ਗਾਇਕਾਂ ਨੂੰ ਚਮਕਾਉਣ ਲਈ ਉਕਤ ਗੀਤ ਸੁਣਦੇ ਹਨ। ਸਮਾਜ ਵਿੱਚ ਵੱਧ ਰਹੀ ਗਿਰਾਵਟ ਦੇ ਬਾਵਜੂਦ ਕੋਈ ਵੀ ਵੱਧਦੀ ਲੱਚਰਤਾ ਵੱਲ ਧਿਆਨ ਨਹੀਂ ਦਿੰਦਾ ਪਰ ਇਸ ਅਣਗਹਿਲੀ ਜਾਂ ਲਾਪ੍ਰਵਾਹੀ ਕਾਰਨ ਸੱਭਿਆਚਾਰ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ ਹੈ। ਉਹਨਾ ਦੱਸਿਆ ਕਿ ਪਹਿਲਾਂ ਤੂੰਬੀ, ਢੋਲਕ ਵਰਤੇ ਜਾਂਦੇ ਸਨ, ਅੱਜ-ਕੱਲ੍ਹ ਬੰਦੂਕਾਂ, ਤਲਵਾਰਾਂ ਤੇ ਹੋਰ ਅਸਲਾ ਕਲਾਕਾਰਾਂ ਨੂੰ ਵੀ ਇਸ ਤੂੰਬੀ ਵਾਲੇ ਸੱਭਿਆਚਾਰ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਆਮ ਜਨਤਾ ਨੂੰ ਜੇਕਰ ਕੋਈ ਕਲਾਕਾਰ ਪਸੰਦ ਆ ਜਾਵੇ ਤਾਂ ਉਹ ਉਹਦੇ ਵਾਂਗ ਹੀ ਬਣਨ ਦੀ ਕੌਸ਼ਿਸ਼ ਕਰਦੇ ਹਨ ਤੇ ਗੀਤਾਂ ’ਚ ਉਹਨਾਂ ਨੂੰ ਹਥਿਆਰ ਜਾਂ ਨਸ਼ੇ ਵਰਤਦੇ ਵੇਖ ਕੇ ਉਹਨਾਂ ਨੂੰ ਹੀ ਪਸੰਦ ਕਰਦੇ ਹਨ ਅਤੇ ਇਸ ਕਾਰਨ ਸਾਡੀਆਂ ਕਦਰਾਂ-ਕੀਮਤਾਂ ਦਾ ਲਗਾਤਾਰ ਘਾਣ ਹੋ ਰਿਹਾ ਹੈ।
ਹੰਸ ਰਾਜ ਪ੍ਰਜਾਪਤੀ ਅਤੇ ਲੈਕ. ਰਤਨ ਸਿੰਘ ਪ੍ਰਜਾਪਤੀ ਅਨੁਸਾਰ ਕਿਸੇ ਸਮੇਂ ਪੰਜਾਬੀ ਗੀਤਾਂ ’ਚ ਫੁੁਲਕਾਰੀ, ਚਾਦਰੇ, ਚਰਖੇ ਦਾ ਜਿਕਰ ਹੁੰਦਾ ਸੀ, ਹੁਣ ਗੀਤਾਂ ਦੇ ਮੁੱਖ ਵਿਸ਼ੇ ਹਥਿਆਰ, ਕਾਲੀ, ਨਾਗਣੀ, ਇਸ਼ਕ-ਮਿਜ਼ਾਜੀ, ਬਦਮਾਸ਼ੀ ਤੇ ਪ੍ਰਧਾਨਗੀ ਕਲਚਰ ਹਨ। ਸੰਗੀਤਕ ਕੰਪਨੀਆਂ ਦਾ ਮੁੱਖ ਮੰਤਵ ਵਪਾਰ ਹੈ, ਉਹਨਾਂ ਦਾ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਕਿ ਉਹਨਾਂ ਦੇ ਗੀਤ ਪਰਿਵਾਰ ’ਚ ਬੈਠ ਕੇ ਸੁਣਨਯੋਗ ਹਨ ਜਾਂ ਨਹੀਂ। ਕਲਾਕਾਰਾਂ ਦਾ ਕਹਿਣਾ ਹੁੰਦਾ ਹੈ, ਲੋਕ ਜਿਸ ਤਰਾਂ ਦਾ ਸੁਣਦੇ ਹਨ, ਉਸ ਤਰਾਂ ਦਾ ਪਰੋਸਣਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰਾਂ ਦਾ ਸਮਾਜ ’ਚ ਚੱਲ ਰਿਹਾ ਹੈ, ਉਹਨਾਂ ਨੂੰ ਸੁਣਨਾ ਪੈਂਦਾ ਹੈ। ਕੋਈ ਵੀ ਪੰਜਾਬੀ ਸੱਭਿਆਚਾਰ ਦੀ ਬਾਂਹ ਫੜਨ ਨੂੰ ਤਿਆਰ ਨਹੀਂ ਹੈ। ਅੱਜ ਨੈਤਿਕਤਾ ਦੀ ਕਮੀ ਅਤੇ ਗੀਤਾਂ ’ਚ ਪਰੋਸੀ ਜਾ ਰਹੀ ਲੱਚਰਤਾ ਕਾਰਨ ਸਮਾਜ ਵਿੱਚ ਜੋ ਗਿਰਾਵਟ ਆ ਰਹੀ ਹੈ, ਉਸ ਨਾਲ ਵਰਤਮਾਨ ਸਮੇਂ ’ਚ ਜਿਉਂ ਰਹੇ ਪਰਿਵਾਰ ਤਾਂ ਪੀੜਤ ਅਤੇ ਦੁਖੀ ਹਨ ਹੀ ਪਰ ਨਵੀਂ ਪੀੜੀ ਲਈ ਇਹ ਰੁਝਾਨ ਬਹੁਤ ਹੀ ਖਤਰਨਾਕ ਸਾਬਿਤ ਹੋਵੇਗਾ।