ਸਮਾਜਿਕ ਕੁਰੀਤੀਆਂ ਤੋਂ ਬਚਾਅ ਕੇ ਨੈਤਿਕਤਾ ਦਾ ਪਾਠ ਪੜਾਉਣਾ ਪ੍ਰਸੰਸਾਯੋਗ : ਜੌੜਾ
ਕੋਟਕਪੂਰਾ,17 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਨੁਸ਼ਾਸ਼ਨ ਦੀ ਪਾਲਣਾ, ਸਮੇਂ ਦੀ ਕਦਰ, ਵੱਡਿਆਂ ਦਾ ਸਤਿਕਾਰ, ਉਸਾਰੂ ਸੋਚ ਅਤੇ ਹਾਂਪੱਖੀ ਨਜਰੀਆ ਵਰਗੇ ਨੁਕਤੇ ਵਿਦਿਆਰਥੀਆਂ ਲਈ ਕਾਰਗਰ ਸਿੱਧ ਹੋ ਸਕਦੇ ਹਨ। ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ ਵਲੋਂ ਸ਼ਹੀਦ ਮੇਜਰ ਰਵੀਇੰਦਰ ਸਿੰਘ ਸੰਧੂ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੁਸ਼ਿਆਰ ਬੱਚਿਆਂ ਦੇ ਕਰਵਾਏ ਗਏ ਸਨਮਾਨ ਸਮਾਰੋਹ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਹਰਪਾਲ ਸਿੰਘ ਖੁਰਮੀ ਪ੍ਰਧਾਨ ਸੀਨੀਅਰ ਸਿਟੀਜਨ ਐਸੋਸੀਏਸ਼ਨ ਬਠਿੰਡਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੱਜ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਅ ਕੇ ਨੈਤਿਕਤਾ ਦਾ ਪਾਠ ਪੜਾਉਣਾ ਸਮੇਂ ਦੀ ਲੋੜ ਹੈ। ਵਿਸ਼ੇਸ਼ ਮਹਿਮਾਨ ਡਾ. ਕਰਤਾਰ ਸਿੰਘ ਜੌੜਾ ਪ੍ਰਧਾਨ ਆਲ ਇੰਡੀਆ ਸਵਰਨਕਾਰ ਸੰਘ ਨੇ ਹਰਪਾਲ ਸਿੰਘ ਖੁਰਮੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੁਸਾਇਟੀ ਵਲੋਂ ਹੁਸ਼ਿਆਰ ਬੱਚਿਆਂ ਦਾ ਸਨਮਾਨ ਕਰਵਾਉਣ ਲਈ ਕਰਵਾਏ ਸਮਾਗਮ ਦੀ ਭਰਪੂਰ ਪ੍ਰਸੰਸਾ ਕੀਤੀ। ਕੁਲਵੰਤ ਸਿੰਘ ਚਾਨੀ, ਪੋ੍ਰ ਐੱਚ.ਐੱਸ. ਪਦਮ, ਮੁਖਤਿਆਰ ਸਿੰਘ ਮੱਤਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਸੋਮਨਾਥ ਸੁਨਾਮੀ ਨੇ ਦੱਸਿਆ ਕਿ ਸੁਸਾਇਟੀ ਵਲੋਂ ਹੁਣ ਤੱਕ 527 ਸਰਕਾਰੀ ਸਕੂਲਾਂ ਵਿੱਚ ਇਸ ਤਰਾਂ ਦੇ ਸਨਮਾਨ ਸਮਾਰੋਹ ਸਫਲਤਾਪੂਰਵਕ ਕਰਵਾਏ ਜਾ ਚੁੱਕੇ ਹਨ, ਇਸ ਤੋਂ ਇਲਾਵਾ ਦੇਸ਼ ਭਗਤਾਂ ਦੇ ਜਨਮ, ਸ਼ਹੀਦੀ ਦਿਨਾ ਤੋਂ ਇਲਾਵਾ ਇਤਿਹਾਸਕ ਦਿਹਾੜਿਆਂ ਮੌਕੇ ਵੀ ਇਸ ਤਰਾਂ ਦੇ ਸਮਾਰੋਹ ਅਕਸਰ ਕਰਵਾਏ ਜਾਂਦੇ ਹਨ। ਉਹਨਾ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਣ ਦੇ ਅਨੇਕਾਂ ਨੁਕਤੇ ਸਮਝਾਉਂਦਿਆਂ ਆਖਿਆ ਕਿ ਵਰਤਮਾਨ ਸਮੇਂ ਵਿੱਚ ਬਚਪਨ ਤੋਂ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਣ ਵਾਲੇ ਬੱਚਿਆਂ ਨੂੰ ਬਹੁਤ ਸਾਵਧਾਨੀ ਦੀ ਲੋੜ ਹੈ। ਹਰਪਾਲ ਸਿੰੰਘ ਖੁਰਮੀ ਅਤੇ ਡਾ. ਕਰਤਾਰ ਸਿੰਘ ਜੌੜਾ ਸਮੇਤ ਸ਼੍ਰੀਮਤੀ ਅਮਰਜੀਤ ਕੌਰ, ਸ਼੍ਰੀਮਤੀ ਪ੍ਰਵੀਨ ਕੌਰ, ਮੱਖਣ ਸਿੰਘ ਜਨਰਲ ਸਕੱਤਰ ਆਦਿ ਦੀ ਹਾਜਰੀ ਵਿੱਚ ਬੁਲਾਰਿਆਂ ਨੇ ਸਕੂਲ ਦੀ ਸਾਂਭ-ਸੰਭਾਲ ਲਈ ਬੱਚਿਆਂ, ਅਧਿਆਪਕਾਂ ਅਤੇ ਸਕੂਲ ਮੁਖੀ ਨੂੰ ਮੁਬਾਰਕਬਾਦ ਦਿੰਦਿਆਂ ਉਹਨਾ ਦਾ ਧੰਨਵਾਦ ਕੀਤਾ। ਸਕੂਲ ਮੁਖੀ ਪਿ੍ਰੰਸੀਪਲ ਕੁਲਵਿੰਦਰ ਸਿੰਘ ਢਿੱਲੋਂ ਵਲੋਂ ਲੈਕ. ਅਮਨਦੀਪ ਸਿੰਘ ਬਰਾੜ ਨੇ ਸੁਸਾਇਟੀ ਦੇ ਉਕਤ ਉਪਰਾਲਿਆਂ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਬਹੁਤ ਘੱਟ ਸੰਸਥਾਵਾਂ, ਜਥੇਬੰਦੀਆਂ, ਕਲੱਬਾਂ ਅਤੇ ਸੁਸਾਇਟੀਆਂ ਅਜਿਹੀਆਂ ਹਨ, ਜੋ ਨਿਸ਼ਕਾਮ ਸੇਵਾਵਾਂ ਲਈ ਯਤਨਸ਼ੀਲ ਰਹਿੰਦੀਆਂ ਹਨ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾ ਨੇ ਵੀ ਵਰਤਮਾਨ ਚੁਣੌਤੀਆਂ ਅਤੇ ਸ਼ਹੀਦਾਂ ਦੀ ਜੀਵਨੀ ਨਾਲ ਸਬੰਧਤ ਕਵਿਤਾਵਾਂ ਤੇ ਗੀਤ ਗਾ ਕੇ ਹਾਜਰੀ ਲਵਾਈ, ਜਿੰਨਾ ਦਾ ਨਗਦ ਰਾਸ਼ੀ ਨਾਲ ਸਨਮਾਨ ਹੋਇਆ। ਅੰਤ ਵਿੱਚ ਸਕੂਲ ਮੁਖੀ ਸਮੇਤ ਸਮੁੱਚੇ ਸਟਾਫ, ਮੁੱਖ ਮਹਿਮਾਨ ਸਮੇਤ ਹੁਸ਼ਿਆਰ ਵਿਦਿਆਰਥਣਾ ਨੂੰ ਵੀ ਸਨਮਾਨਿਤ ਕੀਤਾ ਗਿਆ।
—