ਸਰਕਾਰੀ ਹਾਈ ਸਕੂਲ ਢਿੱਲਵਾਂ ਕਲਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਨਗਦ ਰਾਸ਼ੀ ਨਾਲ ਕੀਤਾ ਗਿਆ ਸਨਮਾਨ
ਕੋਟਕਪੂਰਾ, 24 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਸਮਾਜਿਕ ਤਬਦੀਲੀ ਦੀ ਸ਼ੁਰੂਆਤ ਸਾਨੂੰ ਸਾਰਿਆਂ ਨੂੰ ‘ ਮੈਂ ( ਸ਼ੈਲਫ਼ ) ‘ ਤੋਂ ਕਰਨੀ ਪਵੇਗੀ ਤਾਂ ਹੀ ਸਮਾਜ ਵਿੱਚ ਦਿਨੋ ਦਿਨ ਪੈਦਾ ਹੋ ਰਹੀਆਂ ਕੁਈ ਕੁਰੀਤੀਆਂ ਨੂੰ ਠੱਲ੍ਹ ਪੈ ਸਕਦੀ ਹੈ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰ ਪ੍ਰਭਦੇਵ ਸਿੰਘ ਬਰਾੜ ਅੱਖਾਂ ਦੇ ਮਾਹਿਰ ਨੇ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੋਸਾਇਟੀ ਵੱਲੋਂ ਇੱਥੋਂ ਥੋੜੀ ਦੂਰ ਸ਼ਹੀਦ ਗੁਰਪ੍ਰੀਤ ਸਿੰਘ ਪੀ ਐਮ ਸ਼੍ਰੀ ਸਰਕਾਰੀ ਹਾਈ ਸਕੂਲ ਢਿੱਲਵਾਂ ਕਲਾਂ ਵਿਖੇ ਆਪਣੇ ਸਤਿਕਾਰਯੋਗ ਪਿਤਾ ਅਤੇ ਸਕੂਲ ਦੇ ਪਹਿਲੇ ਮੁੱਖ ਅਧਿਆਪਕ ਸ . ਜਗਦੇਵ ਸਿੰਘ ਬਰਾੜ ਦੀ ਨਿੱਘੀ ਯਾਦ ਵਿੱਚ ਹੋਏ ਵਿਦਿਆਰਥੀ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ । ਸਮਾਗਮ ਦੇ ਸ਼ੁਰੂ ਵਿੱਚ ਸਕੂਲ ਦੇ ਮੁੱਖ ਅਧਿਆਪਕ ਬਲਵਿੰਦਰ ਸਿੰਘ ਸਿੱਧੂ ਵੱਲੋਂ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਅਤੇ ਆਪਣੇ ਸਕੂਲ ਦੀਆਂ ਵਿਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਕੀਤੀਆਂ ਗਈਆਂ ਸ਼ਾਨਦਾਰ ਪ੍ਰਾਪਤੀਆਂ ਸਾਂਝੀਆਂ ਕੀਤੀਆਂ ਗਈਆਂ। ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਅਹੁਦੇਦਾਰ ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ , ਗੁਰਿੰਦਰ ਸਿੰਘ ਮਹਿੰਦੀਰੱਤਾ, ਸੋਮ ਨਾਥ ਅਰੋੜਾ, ਦਰਸ਼ਨ ਸਿੰਘ ਫੌਜੀ ਅਤੇ ਇਕਬਾਲ ਸਿੰਘ ਮੰਘੇੜਾ ਨੇ ਸੋਸਾਇਟੀ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪਿਛਲੇ 8, ਸਾਲਾਂ ਤੋਂ ਕੀਤੇ ਜਾ ਰਹੇ ਕਾਰਜਾਂ ਸਬੰਧੀ ਰੌਸ਼ਨੀ ਪਾਈ। ਸਮਾਗਮ ਦੌਰਾਨ ਮੁੱਖ ਮਹਿਮਾਨ ਡਾਕਟਰ ਪ੍ਰਭਦੇਵ ਸਿੰਘ ਬਰਾੜ ਨੇ ਸਕੂਲ ਦੇ ਛੇਵੀ ਤੋਂ ਦਸਵੀਂ ਜਮਾਤ ਤੱਕ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਨਾਲ -ਨਾਲ ਵਿਦਿਅਕ ਸੈਸ਼ਨ 2024-25 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੰਚਾਲਿਤ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਨਵਦੀਪ ਕੌਰ ਪੁੱਤਰੀ ਬਿੰਦਰ ਸਿੰਘ ਨੂੰ ਨਗਦ ਰਾਸ਼ੀ 15000 ਰੁਪਏ , ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਅੰਮ੍ਰਿਤਪਾਲ ਕੌਰ ਪੁੱਤਰੀ ਸਿੰਦਰਪਾਲ ਸਿੰਘ ਨੂੰ ਨਗਦ ਰਾਸ਼ੀ 13000 ਰੁਪਏ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਨਵਦੀਪ ਕੌਰ ਪੁੱਤਰੀ ਨਿਰਮਲ ਸਿੰਘ ਨੂੰ ਨਗਦ ਰਾਸ਼ੀ 11000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਸਾਦਾ ਅਤੇ ਪ੍ਰਭਾਵਸ਼ਾਲੀ ਹੋ ਨਿਬੜਿਆ । ਇਸ ਸਮਾਗਮ ਦਾ ਸਟੇਜ ਸੰਚਾਲਨ ਗੁਰਸ਼ਰਨ ਸਿੰਘ ਸਾਇੰਸ ਮਾਸਟਰ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਸਕੂਲ ਦੇ ਪੰਜਾਬੀ ਅਧਿਆਪਕ ਰੁਪਿੰਦਰ ਸਿੰਘ ਅਤੇ ਸਮੁੱਚੇ ਸਟਾਫ ਮੈਂਬਰ ਹਾਜ਼ਰ ਸਨ।
