ਸੰਗਰੂਰ 16 ਜੂਨ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼)
ਸਰਕਾਰਾਂ ਵੱਲੋਂ ਸਰਕਾਰੀ ਅਦਾਰਿਆਂ ਨੂੰ ਨਿੱਜੀ ਠੇਕੇਦਾਰਾਂ ਦੇ ਹੱਥ ਸੋਂਪਣ ਅਤੇ ਲੁਟਾਉਣ ਦਾ ਨਤੀਜਾ ਦੇਸ਼ ਵਿਦੇਸ਼ ਦੇ ਸੈਂਕੜੇ ਨਿਰਦੋਸ਼ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਾਨਾਂ ਗਵਾ ਕੇ ਭੁਗਤਣਾ ਪਿਆ ਹੈ। ਸਾਨੂੰ ਇਹ ਵਿਗਿਆਨਕ ਤੱਥ ਸਮਝਣ ਦੀ ਬੇਹੱਦ ਲੋੜ ਹੈ ਕਿ ਨਿਰਦੋਸ਼ ਯਾਤਰੀਆਂ ਦੀ ਅਜਿਹੀ ਮੌਤ ਨਾ ਤਾਂ ਕਿਸੇ ਅਖੌਤੀ ਬਿਓਮਾਤਾ /ਪਰਮਾਤਮਾ ਨੇ ਉਨ੍ਹਾਂ ਦੀ ਕਿਸਮਤ ਵਿੱਚ ਲਿਖੀ ਹੋਈ ਸੀ, ਨਾ ਹੀ ਕਿਸੇ ਜੋਤਸ਼ੀ ਨੇ ਅਜਿਹੀ ਕੋਈ ਭਵਿਖਬਾਣੀ ਕੀਤੀ ਸੀ ਅਤੇ ਨਾ ਹੀ ਉਨ੍ਹਾਂ ਸਾਰਿਆਂ ਦੀਆਂ ਜਨਮ ਕੁੰਡਲੀਆਂ ਇੱਕ ਸਨ ਕਿ ਇਕੋ ਜਿਹੀ ਮੌਤ ਲਿਖੀ ਸੀ ਅਸੀਂ ਸਾਮਰਾਜ ਪੱਖੀ ਹਕੂਮਤਾਂ, ਮੁਨਾਫ਼ਾਖੋਰ ਕਾਰਪੋਰੇਟ ਘਰਾਣਿਆਂ ਅਤੇ ਵਿਸ਼ੇਸ਼ ਕਰਕੇ ਪਾਖੰਡੀ ਜੋਤਸ਼ੀਆਂ,ਬਾਬਿਆਂ ਨੂੰ ਸਵਾਲ ਕਰਦੇ ਹਾਂ ਜਿਹੜੇ ਅਜਿਹੀਆਂ ਗੈਰ ਕੁਦਰਤੀ ਘਟਨਾਵਾਂ ਅਤੇ ਮੌਤਾਂ ਨੂੰ ਕਿਸੇ ਅਖੌਤੀ ਰੱਬ ਦੇ ਭਾਣੇ ਜਾਂ ਪਿਛਲੇ ਜਨਮ ਦੇ ਕਰਮਾਂ ਦੇ ਖਾਤੇ ਵਿੱਚ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਅਜਿਹੇ ਮੌਕੇ ਸਮੂਹ ਵਰਗਾਂ ਦੇ ਲੋਕਾਂ ਨੂੰ ਇਹ ਤੱਥ ਸਮਝਣਾ ਚਾਹੀਦਾ ਹੈ ਕਿ ਕਾਰਪੋਰੇਟ ਅਦਾਰਿਆਂ ਦਾ ਇਕੋ ਇਕ ਮਕਸਦ ਘੱਟ ਤੋਂ ਘੱਟ ਸਟਾਫ਼, ਖਰਚਿਆਂ ਵਿੱਚ ਕਟੌਤੀ ਕਰਕੇ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਲੋਕਾਂ ਦੀਆਂ ਜਾਨਾਂ ਦੀ ਕੋਈ ਪਰਵਾਹ ਨਹੀਂ ਹੁੰਦੀ। ਕੁਝ ਲੱਖ ਦਾ ਮੁਆਵਜ਼ਾ ਦੇਣ ਨਾਲ ਉਨ੍ਹਾਂ ਦੀਆਂ ਕੀਮਤੀ ਜਾਨਾਂ ਵਾਪਸ ਨਹੀਂ ਆ ਸਕਦੀਆਂ। ਮੁਆਵਜ਼ਾ ਦੇਣ ਦਾ ਮਤਲਬ ਪੀੜਤ ਲੋਕਾਂ ਦੇ ਸਰਕਾਰਾਂ ਵਿਰੁੱਧ ਤਿੱਖੇ ਗੁੱਸੇ ਨੂੰ ਸ਼ਾਂਤ ਕਰਨਾ ਹੁੰਦਾ ਹੈ ਅਤੇ ਆਪਣੀ ਜਵਾਬਦੇਹੀ ਤੋਂ ਬਚਣਾ ਹੁੰਦਾ ਹੈ। ਇਸ ਲਈ ਤਮਾਮ ਦੋਸ਼ੀ ਅਧਿਕਾਰੀਆਂ,ਮੰਤਰੀਆਂ ਅਤੇ ਜਹਾਜ਼ ਕੰਪਨੀ ਦੇ ਮਾਲਕਾਂ ਉਤੇ ਅਪਰਾਧਿਕ ਕੇਸ ਚਲਣਾ ਚਾਹੀਦਾ ਹੈ। ਤਮਾਮ ਲੋਕ ਪੱਖੀ ਜਮਹੂਰੀ ਜਨਤਕ ਤਾਕਤਾਂ ਨੂੰ ਅਜਿਹੇ ਲੋਕ ਮਾਰੂ ਨਿੱਜੀਕਰਨ ਦੇ ਵਿਰੁੱਧ ਜਨਤਕ ਅਤੇ ਜਥੇਬੰਦਕ ਪੱਧਰ ਤੇ ਅਵਾਜ਼ ਬੁਲੰਦ ਕਰਨ ਦੀ ਲੋੜ ਹੈ ਨਹੀਂ ਤਾਂ ਲੋਕ ਨਿੱਜੀਕਰਨ ਦੀ ਭੇਂਟ ਚੜਕੇ ਇਵੇਂ ਹੀ ਨਜਾਇਜ਼ ਮਰਦੇ ਰਹਿਣਗੇ।